ਗੁਰਦਾਸਪੁਰ, 7 ਨਵੰਬਰ 2022
ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ’ਤੇ 1 ਜਨਵਰੀ 2023 ਦੇ ਅਧਾਰ ’ਤੇ ਮਿਤੀ 9 ਨਵੰਬਰ 2022 ਨੂੰ ਡਰਾਫਟ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਕਰਵਾਈ ਜਾਣੀ ਹੈ, ਇਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਨੂੰ ਕਿਹਾ ਕਿ ਆਮ ਜਨਤਾ ਨੂੰ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਵੀਪ ਪ੍ਰਗਰਾਮ ਦੇ ਅਧੀਨ ਜ਼ਿਲ੍ਹੇ ਵਿੱਚ ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ।
ਹੋਰ ਪੜ੍ਹੋ – ਸੀ.ਐੱਚ.ਸੀ. ਕਲਾਨੌਰ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ
ਡਿਪਟੀ ਕਮਿਸ਼ਨਰ ਨੇ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਨੂੰ ਕਿਹਾ ਕਿ 9 ਨਵੰਬਰ 2022 ਨੂੰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਵਾਲੇ ਦਿਨ ਹਲਕੇ ਦੇ ਪੋਲਿੰਗ ਸਟਰੇਸ਼ਨਾਂ ’ਤੇ ਵਿਜ਼ਟ ਕੀਤਾ ਜਾਵੇ ਅਤੇ ਈ.ਐੱਲ.ਸੀ/ਚੁਨਾਵ ਪਾਠਸ਼ਾਲਾ, ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵੋਟਰ ਸੂਚੀਆਂ ਦੇ ਸੁਧਾਈ ਪ੍ਰੋਸੈਸ ਅਤੇ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ 18 ਸਾਲ ਪੂਰੇ ਕਰ ਚੁੱਕੇ ਸਾਰੇ ਵਿਦਿਆਰਥੀਆਂ ਦੀ ਵੋਟ ਬਣਾਈ ਜਾਵੇ ਅਤੇ ਨਾਲ ਸਕੂਲਾਂ/ਕਾਲਜਾਂ ਵਿੱਚ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਨਿਧੀ ਕੁਮੁਦ, ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ, ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ।