ਅੰਮ੍ਰਿਤਸਰ 24 ਨਵੰਬਰ 2021
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ.ਗੁਰਪ੍ਰੀਤ ਸਿੰਘ ਖਹਿਰਾ ਦੀ ਯੋਗ ਅਗੁਆਈ ਹੇਠ ਜਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਜਿਲ੍ਹਾ ਸਿੱਖਿਆ ਅਫਸਰ (ਸੈੈ:ਸਿ ਅਤੇ ਐ.ਸਿ.) ਸੁਸ਼ੀਲ ਕੁਮਾਰ ਤੁਲੀ ਦੇ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2022 ਅਨੁਸਾਰ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਜਿਲ੍ਹਾ ਪੱਧਰੀ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼(ਲੜਕੀਆਂ),ਮਾਲ ਰੋਡ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਤਹਿਸੀਲ ਪੱਧਰ ਤੇ ਜੇਤੂ ਟੀਮਾਂ ਨੇ ਭਾਗ ਲਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ),ਮਾਲ ਰੋਡ ਦੇ ਪਿ੍ਰੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਅਗਾਮੀ ਕੁਝ ਮਹੀਨਿਆਂ ਵਿੱਚ ਲੋਕਤੰਤਰ ਦਾ ਤਿਊਹਾਰ ਮਨਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਬਣਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਲੋਕ ਨਾਚ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਹਨਾਂ ਰਾਹੀਂ ਆਮ ਲੋਕਾਂ ਤੱਕ ਪਹੁੰਚ ਕਰਨੀ ਬਹੁਤ ਅਸਾਨ ਹੈ।ਉਹਨਾਂ ਗਿੱਧੇ ਅਤੇ ਭੰਗੜਾ ਟੀਮਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਸਬੰਧੀ ਬੋਲੀਆਂ ਪਾ ਕੇ ਧਮਾਕੇਦਾਰ ਪੇਸ਼ਕਾਰੀ ਇਸ ਗੱਲ ਦਾ ਸਬੂਤ ਹੈ ਕਿ ਸੰਗੀਤ ਅਤੇ ਲੋਕ ਨਾਚ ਜ਼ਮੀਨੀ ਪੱਧਰ ਤੱਕ ਆਮ ਸੁਨੇਹੇ ਪਹੁੰਚਾਉਣ ਵਿੱਚ ਕਿੰਨੇ ਕਾਰਗਰ ਸਾਧਨ ਹਨ।ਇਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਜਿਲ੍ਹਾ ਸਵੀਪ ਟੀੰਮ ਮੈਂਬਰ ਸ਼੍ਰੀਮਤੀ ਆਦਰਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਚੋਣ ਕਮਿਸ਼ਨ ਵਲੋਂ ਆਮ ਪਬਲਿਕ ਦੀ ਸਹੂਲਤ ਲਈ ਟੋਲ ਫ਼੍ਰੀ ਨੰਬਰ 1950 ਜਾਰੀ ਕੀਤਾ ਗਿਆ ਹੈ,ਜਿਸ ਉੱਪਰ ਡਾਈਲ ਕਰਕੇ ਕੋਈ ਵੀ ਆਮ ਨਾਗਰਿਕ ਵੋਟ ਬਣਾਉਣ ਸਬੰਧੀ ਕੋਈ ਵੀ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਲਈ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦੇ ਚੰਗੇ ਸਿੱਟੇ ਵੇਖਣ ਨੂੰ ਮਿਲ ਰਹੇ ਹਨ ਅਤੇ ਯੋਗ ਨੌਜਨਾਵਾਂ ਵਿੱਚ ਵੋਟ ਬਣਾਉਣ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ।ਇਸ ਮੌਕੇ ਸ਼੍ਰੀਮਤੀ ਕੁਲਬੀਰ ਕੌਰ,ਅਲਕਾ ਰਾਣੀ,ਸ਼੍ਰੀਮਤੀ ਬਿਮਲਾ,ਗੀਤਿਕਾ,ਗੁਲਸ਼ਨ,ਸਤਵੰਤ ਕੌਰ,ਮੀਨਾਕਸ਼ੀ,ਰਾਕੇਸ਼ ਗੁਲਾਟੀ, ਮਨਜੀਤ ਕੌਰ,ਮਨਦੀਪ ਬੱਲ,ਜਿਲ੍ਹਾ ਸਵੀਪ ਟੀਮ ਮੈਂਬਰ ਰਾਜਿੰਦਰ ਸਿੰਘ,ਮੁਨੀਸ਼ ਕੁਮਾਰ,ਸੰਦੀਪ ਸਿਆਲ ਵੀ ਹਾਜ਼ਰ ਸਨ।ਇਸ ਮੌਕੇ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।