9 ਨਵੰਬਰ ਤੋਂ 8 ਦਸੰਬਰ ਤੱਕ ਲਏ ਜਾਣਗੇ ਇਤਰਾਜ਼ : ਡਿਪਟੀ ਕਮਿਸ਼ਨਰ
26 ਦਸਬੰਰ ਤੱਕ ਕੀਤਾ ਜਾਵੇਗਾ ਇਤਰਾਜ਼ਾਂ ਦਾ ਨਿਪਟਾਰਾ
ਜਲੰਧਰ, 7 ਨਵੰਬਰ 2022
ਯੋਗਤਾ ਮਿਤੀ 01-01-2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ/ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 9 ਨਵੰਬਰ 2022 ਨੂੰ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਹੋਰ ਪੜ੍ਹੋ – ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ
ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਵੱਲੋਂ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਡ੍ਰਾਫਟ ਵੋਟਰ ਸੂਚੀਆਂ ਪ੍ਰਿੰਟ ਕਰਵਾ ਲਈਆਂ ਗਈਆਂ ਹਨ ਅਤੇ 9 ਨਵੰਬਰ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਵਾਲੇ ਦਿਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਚੋਣ ਹਲਕੇਵਾਰ ਫੋਟੋ ਵੋਟਰ ਸੂਚੀ ਦੇ ਸੈੱਟ ਅਤੇ ਸੀ.ਡੀਜ਼.(ਬਿਨਾਂ ਫੋਟੋ) ਸਪਲਾਈ ਕੀਤੀਆਂ ਜਾਣਗੀਆਂ।
ਮੀਟਿੰਗ ਉਪਰੰਤ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਨਿਯਮ 1960 ਵਿੱਚ ਕੀਤੀ ਗਈ ਸੋਧ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਯੋਗਤਾ ਮਿਤੀ 01-01-2023 ਦੇ ਨਾਲ-ਨਾਲ ਹੁਣ ਕੋਈ ਵੀ ਯੋਗ ਨਾਗਰਿਕ, ਜੋ ਕਿ ਸਾਲ 2023 ਵਿੱਚ ਆਉਣ ਵਾਲੀਆਂ ਯੋਗਤਾ ਮਿਤੀਆਂ ਭਾਵ 1 ਅਪ੍ਰੈਲ 2023, 1 ਜੁਲਾਈ 2023 ਜਾਂ 1 ਅਕਤੂਬਰ 2023 ਵਿੱਚੋਂ ਕਿਸੇ ਨੂੰ ਵੀ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਸੂਚਨਾ ਦੀ ਮਿਤੀ ਤੋਂ ਅਗਾਊਂ ਹੀ ਫਾਰਮ ਨੰ. 6 ਰਾਹੀਂ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਦਾਅਵਾ ਕਰ ਸਕਦਾ ਹੈ। ਇਸ ਦਾਅਵੇ ’ਤੇ ਸਬੰਧਤ ਯੋਗਤਾ ਮਿਤੀ ਦੇ ਹਵਾਲੇ ਵਿੱਚ ਸਬੰਧਤ ਤਿਮਾਹੀ ਵਿੱਚ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਉਣ ਲਈ 19-20 ਨਵੰਬਰ ਅਤੇ 3 ਤੇ 4 ਦਸੰਬਰ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਨਿਰਧਾਰਿਤ ਮਿਤੀਆਂ ਨੂੰ ਬੀ.ਐਲ.ਓਜ਼ ਵੱਲੋਂ ਸਬੰਧਤ ਬੂਥਾਂ ’ਤੇ ਬੈਠ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ ਨੰ. 6,6ਏ 7ਅਤੇ 8 ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ 9-11-2022 ਤੋਂ 08-12-2022 ਤੱਕ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ 26 ਦਸਬੰਰ 2022 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2023 ਨੂੰ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਡਾ.ਸੁਰਜੀਤ ਲਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਵੱਲੋਂ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ।