ਵੋਟਰ ਸਾਖਰਤਾ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰਾਂ ਦੇ ਕੋਵਿਡ ਤੋਂ ਬਚਾਓ ਲਈ ਜਾਗਰੂਕਤਾ ਲਈ ਤੁਰੀ ਜ਼ਿਲ੍ਹਾ ਸਵੀਪ ਟੀਮ

SVEEP 1
ਵੋਟਰ ਸਾਖਰਤਾ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰਾਂ ਦੇ ਕੋਵਿਡ ਤੋਂ ਬਚਾਓ ਲਈ ਜਾਗਰੂਕਤਾ ਲਈ ਤੁਰੀ ਜ਼ਿਲ੍ਹਾ ਸਵੀਪ ਟੀਮ
-ਐਨ.ਸੀ.ਸੀ ਏਅਰ ਵਿੰਗ ਵੱਲੋਂ 17ਵਾਂ ਟੀਕਾਕਰਨ ਕੈਂਪ ਲਗਾਇਆ ਗਿਆ

ਪਟਿਆਲਾ, 13 ਨਵੰਬਰ 2021

ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਸੀ.ਸੀ. ਏਅਰ ਵਿੰਗ ਵੱਲੋਂ ਜ਼ਿਲ੍ਹਾ ਸਵੀਪ ਟੀਮ ਦੇ ਸਹਿਯੋਗ ਨਾਲ ਅੱਜ 17ਵਾਂ ਟੀਕਾਕਰਨ ਕੈਂਪ ਗੁਰਦੁਆਰਾ ਨਾਨਕ ਦਰਬਾਰ ਅਰਬਨ ਅਸਟੇਟ ਪਟਿਆਲਾ ਵਿਖੇ ਲਗਾਇਆ ਗਿਆ।

ਹੋਰ ਪੜ੍ਹੋ :-ਜ਼ਿਲਾ ਪੱਧਰੀ ਕੁਇਜ਼ ਮੁਕਾਬਲੇ ਵਿਚ ਬੀ. ਐਲ. ਐਮ ਗਰਲਜ਼ ਕਾਲਜ ਦੀ ਸਾਕਸ਼ੀ ਕਰਵਲ ਰਹੀ ਅੱਵਲ

ਸਕੂਲ ਦੇ ਐਨ.ਸੀ.ਸੀ. ਵਿੰਗ ਦੇ ਮੁਖੀ ਤੇ ਨੋਡਲ ਅਫ਼ਸਰ ਸਵੀਪ ਸਨੌਰ ਸਤਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਆਯੋਜਿਤ ਇਸ ਮਲਟੀਪਰਪਜ਼ ਕੈਂਪ ਦੌਰਾਨ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਨਵੀਂ ਵੋਟ ਬਣਾਉਣ ਤੇ ਵੋਟਰ ਕਾਰਡ ‘ਚ ਸੁਧਾਈ ਕਰਵਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਪ੍ਰੋ. ਅੰਟਾਲ ਨੇ ਦੱਸਿਆ ਕਿ 20 ਅਤੇ 21 ਨਵੰਬਰ ਨੂੰ ਚੋਣ ਬੂਥ ਪੱਧਰ ਉੱਪਰ ਜ਼ਿਲ੍ਹਾ ਪੱਧਰੀ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਵੀਪ ਟੀਮ ਦਾ ਮਕਸਦ ਵੋਟਰ ਰਜਿਸਟ੍ਰੇਸ਼ਨ ਦੇ ਨਾਲ ਨਾਲ ਕੋਵਿਡ ਟੀਕਾਕਰਨ ਕਰਵਾਕੇ ਵੋਟਰ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਹੈ। ਕੈਂਪ ਦੌਰਾਨ ਸਤਵੀਰ ਸਿੰਘ ਗਿੱਲ ਨੇ ਆਨਲਾਈਨ ਵਿਧੀ ਰਾਹੀਂ ਵੋਟ ਬਣਾਉਣ ਦੀ ਪ੍ਰਕਿਰਿਆ ਬਾਰੇ ਚਾਨਣਾ ਪਾਇਆ।

ਕੈਂਪ ‘ਚ ਕੋਵੀਸ਼ੀਲਡ ਵੈਕਸੀਨ ਦੀਆਂ 120 ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ ਅਤੇ 24 ਵੋਟਰਾਂ ਦੀ ਪਹਿਚਾਣ ਕੀਤੀ ਗਈ, ਜਿਨ੍ਹਾਂ ਦੀ ਨਵੀਂ ਵੋਟ ਬਣਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੇਣੂ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ, ਗਰੁੱਪ ਕੈਪਟਨ ਰਾਜੇਸ਼ ਸ਼ਰਮਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਚੀਮਾ, ਸ਼ਿਵ ਰਾਮ, ਰਮਨਦੀਪ ਸਿੰਘ, ਪਰਮਦੀਪ ਸਿੰਘ, ਕਿਰਨਜੀਤ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ ਅਤੇ ਮਨਵੀਰ ਸਿੰਘ ਗਿੱਲ ਨੇ ਵੀ ਹਾਜ਼ਰ ਸਨ।