ਵੋਟਰ ਕੋਲ ਮਤਦਾਨ ਲਈ ਫ਼ੋਟੋ ਵੋਟਰ ਸਲਿੱਪ ਦੇ ਨਾਲ ਮਤਦਾਤਾ ਸ਼ਨਾਖ਼ਤੀ ਕਾਰਡ ਜਾਂ ਇੱਕ ਹੋਰ ਪ੍ਰਮਾਣਿਕ ਦਸਤਾਵੇਜ਼ ਦਾ ਹੋਣਾ ਲਾਜ਼ਮੀ
ਫਿਰੋਜ਼ਪੁਰ, 19 ਫ਼ਰਵਰੀ 2022
ਜ਼ਿਲ੍ਹਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਨਸਭਾ ਚੋਣਾਂ 2022 ਸਬੰਧੀ ਜ਼ਿਲ੍ਹੇ ਦੇ ਵੋਟਰ ਬਿਨ੍ਹਾਂ ਕਿਸੇ ਡਰ-ਭੇਅ ਦੇ ਪੋਲਿੰਗ ਬੂਥਾਂ ਤੇ ਵੋਟ ਕਰਨ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਤਰ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਹੋਰ ਪੜ੍ਹੋ :-ਪਿੰਡ ਜਫਰਵਾਲ, ਹੈਲਥ ਬਲਾਕ ਨੋਸ਼ਹਿਰਾ ਮੱਝਾ ਸਿੰਘ ਵਿਖੇ ਕਰੋਨਾ ਵੈਕਸੀਨੇਸ਼ਨ ਮੈਡੀਕਲ ਕੈਂਪ
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰ ਵੱਲੋਂ ਵੋਟ ਪਾਉਣ ਲਈ ਫੋਟੋ ਵੋਟਰ ਸਲਿਪ ਦੇ ਨਾਲ–ਨਾਲ ਵੋਟਰ ਫੋਟੋ ਸ਼ਨਾਖਤੀ ਕਾਰਡ (ਏਪਿਕ) ਜਾਂ ਫਿਰ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਸ਼ਨਾਖਤੀ ਕਾਰਡ ਵਿਚੋਂ ਕੋਈ ਇੱਕ ਸ਼ਨਾਖਤੀ ਕਾਰਡ ਹੋਣਾ ਲਾਜਮੀ ਹੈ। ਵੋਟ ਪਾਉਣ ਲਈ ਕੇਵਲ ਫੋਟੋ ਵੋਟਰ ਸਲਿਪ ਸ਼ਨਾਖਤੀ ਕਾਰਡ ਵਜੋਂ ਪ੍ਰਵਾਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਵੋਟਰ ਆਈ.ਡੀ ਕਾਰਡ ਨਹੀਂ ਹੈ ਉਹ ਦੂਸਰੇ ਸ਼ਨਾਖਤੀ ਕਾਰਡ ਲਿਜਾ ਕੇ ਵੀ ਆਪਣੀ ਵੋਟ ਪਾ ਸਕਦੇ ਹਨ। ਬਸ਼ਰਤੇ ਕਿ ਉਸ ਦਾ ਵੋਟਰ ਸੂਚੀ ਵਿਚ ਨਾਮ ਸ਼ਾਮਲ ਹੋਵੇ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਬਦਲਵੇ ਸ਼ਨਾਖਤੀ ਕਾਰਡ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗ੍ਰਾਫ ਵਾਲਾ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਪੋਸਟ ਆਫਿਸ ਵਲੋਂ ਜਾਰੀ ਫੋਟੋਗ੍ਰਾਫ ਵਾਲੀ ਪਾਸਬੁੱਕ, ਪੈਨ ਕਾਰਡ, ਐਨ.ਪੀ.ਐਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਵਾਲਾ ਪੈਨਸ਼ਨ ਦਸਤਾਵੇਜ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਿਲ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐਨਆਰਆਈ ਵੋਟਰਾਂ ਨੂੰ ਪਛਾਣ ਲਈ ਆਪਣਾ ਅਸਲ ਭਾਰਤੀ ਪਾਸਪੋਰਟ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵੋਟਰਾਂ ਦੇ ਨਿਰਵਿਘਨ ਮਤਦਾਨ ਨੂੰ ਯਕੀਨੀ ਬਣਾਉਣ ਲਈ, ਕਮਿਸ਼ਨ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਵੋਟਰ ਫ਼ੋਟੋ ਸ਼ਨਾਖਤੀ ਕਾਰਡ ਦੇ ਮਾਮਲੇ ਵਿੱਚ, ਇੰਦਰਾਜਾਂ ਵਿੱਚ ਮਾਮੂਲੀ ਅੰਤਰ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ, ਬਸ਼ਰਤੇ ਮਤਦਾਤਾ ਫੋਟੋ ਸ਼ਨਾਖਤੀ ਕਾਰਡ ਦੁਆਰਾ ਵੋਟਰ ਦੀ ਪਛਾਣ ਸਾਬਿਤ ਹੁੰਦੀ ਹੋਵੇ।