• ਡਿਪਟੀ ਕਮਿਸ਼ਨਰ ਨੇ ਜੇਲ੍ਹ ਵਿੱਚ ਕੈਦੀਆਂ ਨਾਲ ਮਿਲਕੇ ਮਨਾਈ ਲੋਹੜੀ
ਰੂਪਨਗਰ, 13 ਜਨਵਰੀ :- ਲੋਹੜੀ ਦਾ ਤਿਉਹਾਰ ਜਿੱਥੇ ਮੌਸਮ ਦਾ ਨਿੱਘ ਲੈ ਕੇ ਆਉਂਦਾ ਹੈ, ਉੱਥੇ ਸਾਨੂੰ ਬੁਰਾਈਆਂ ਨੂੰ ਛੱਡ ਚੰਗੇ ਪਾਸੇ ਤੁਰਨ ਲਈ ਵੀ ਪ੍ਰੇਰਦਾ ਹੈ। ਗਲਤੀਆਂ ਹਰੇਕ ਇਨਸਾਨ ਤੋਂ ਹੁੰਦੀਆਂ ਹਨ, ਕਿਸੇ ਤੋ ਵੱਡੀ ਤੇ ਕਿਸੇ ਤੋ ਛੋਟੀ। ਗਲਤੀਆਂ ਤੋਂ ਸਿੱਖ ਕੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਜੇਲ੍ਹ ਵਿੱਚ ਜਾ ਕੇ ਲੋਹੜੀ ਦਾ ਤਿਉਹਾਰ ਮਨਾਉਣ ਵੇਲੇ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਜੇਲ੍ਹ ਦੇ ਕੈਦੀਆਂ ਨੂੰ ਲੋਹੜੀ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲੋਹੜੀ ਦੀ ਪਵਿੱਤਰ ਅਗਨੀ ਵਿਚ ਬੁਰਾਈਆਂ ਦੇ ਸੜ ਕੇ ਖਤਮ ਹੋਣ ਦੀ ਕਾਮਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਾਲ ਲੋਹੜੀ ਦਾ ਤਿਉਹਾਰ ਜੁਰਮਾਂ ਦੇ ਅੰਤ ਵਾਲਾ ਹੋਵੇ ਅਤੇ ਅਸੀਂ ਸਾਰੇ ਆਪਸੀ ਭਾਈਵਾਲੀ ਦੇ ਨਾਲ ਜ਼ਿੰਦਗੀ ਬਤੀਤ ਕਰੀਏ।
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਝੂਠ ’ਤੇ ਸੱਚ, ਅਧਰਮ ’ਤੇ ਧਰਮ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦੀਆਂ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨਾਂ ਪਵਿੱਤਰ ਮੌਕਿਆਂ ਨੂੰ ਜਾਤ, ਰੰਗ ਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਰਵਾਇਤੀ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਫਿਰਕੂ ਸਦਭਾਵਨਾ, ਕੌਮੀ ਏਕਤਾ ਅਤੇ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।
ਇਸ ਮੌਕੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਵਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਧੰਨਵਾਦ ਕੀਤਾ ਗਿਆ।