ਲੋਕਾਂ ਨੂੰ ਬਰੂਹਾਂ ’ਤੇ ਸੇਵਾਵਾਂ ਪ੍ਰਦਾਨ ਕਰਨ ਵਿਚ ਸਫਲ ਰਹੇ ਸੁਵਿਧਾ ਕੈਂਪ
ਨਵਾਂਸ਼ਹਿਰ, 28 ਅਕਤੂਬਰ 2021
ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਵਿਚ ਅੱਜ ਸਬ-ਡਵੀਜ਼ਨ ਪੱਧਰ ’ਤੇ ਲੱਗੇ ਕੈਂਪਾਂ ਦਾ ਵੱਡੀ ਗਿਣਤੀ ਵਿਚ ਲੋਕਾਂ ਨੇ ਲਾਭ ਲਿਆ। ਇਹ ਕੈਂਪ ਲੋਕਾਂ ਨੂੰ ਉਨਾਂ ਦੀਆਂ ਬਰੂਹਾਂ ’ਤੇ ਵੱਖ-ਵੱਖ ਸੇਵਾਵਾਂ ਪ੍ਰਦਾਨ ਵਿਚ ਸਫਲ ਰਹੇ।
ਹੋਰ ਪੜ੍ਹੋ :-ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ ਮਨਾਉਂਦਿਆਂ ਕਰਵਾਇਆ ਸੈਮੀਨਾਰ
ਇਸ ਸਬੰਧੀ ਨਵਾਂਸ਼ਹਿਰ ਸਬ-ਡਵੀਜ਼ਨ ਦਾ ਸੁਵਿਧਾ ਕੈਂਪ ਕਮਿਊਨਿਟੀ ਸੈਂਟਰ ਪਿੰਡ ਉਸਮਾਨਪੁਰ, ਬੰਗਾ ਸਬ-ਡਵੀਜ਼ਨ ਦਾ ਸੁਵਿਧਾ ਕੈਂਪ ਪਿੰਡ ਗੰਧਾਣੀ ਅਤੇ ਬਲਾਚੌਰ ਸਬ-ਡਵੀਜ਼ਨ ਦੇ ਕੈਂਪ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਅਤੇ ਬੀ. ਡੀ. ਪੀ. ਓ ਦਫ਼ਤਰ ਸੜੋਆ ਵਿਖੇ ਲੱਗੇ।
ਇਨਾਂ ਸੁਵਿਧਾ ਕੈਂਪਾਂ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲਾ ਵਾਸੀਆਂ ਨੂੰ ਵੱਖ-ਵੱਖ ਸਕੀਮਾਂ ਦਾ ਮੌਕੇ ’ਤੇ ਲਾਭ ਦਿੱਤਾ ਗਿਆ, ਜਿਨਾਂ ਵਿਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ ਆਦਿ), ਪੀ. ਐਮ. ਏ. ਵਾਈ ਤਹਿਤ ਘਰ ਦੀ ਸਥਿਤੀ (ਕੱਚਾ/ਪੱਕਾ), ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨਾ, ਐਲ. ਪੀ. ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ. ਸੀ/ਬੀ. ਸੀ ਕਾਰਪੋਰੇਸ਼ਨਾਂ/ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲਾਂ ਦੇ ਕੇਸ, ਮਨਰੇਗਾ ਜੌਬ ਕਾਰਡ, 2 ਕਿਲੋਵਾਟ ਤੱਕ ਦੇ ਬਿਜਲੀ ਬਕਾਏ ਦੇ ਮੁਆਫ਼ੀ ਸਰਟੀਫਿਕੇਟ ਅਤੇ ਪੈਂਡਿੰਗ ਸੀ. ਐਲ. ਯੂ ਕੇਸ, ਨਕਸ਼ੇ ਅਤੇ ਹੋਰ ਵੱਖ-ਵੱਖ ਤਰਾਂ ਦੇ ਕੰਮ ਸ਼ਾਮਲ ਸਨ।
ਇਸ ਮੌਕੇ ਸਬੰਧਤ ਵਿਭਾਗਾਂ ਵੱਲੋਂ ਲਾਭਪਾਤਰੀਆਂ ਦੇ ਮੌਕੇ ’ਤੇ ਹੀ ਫਾਰਮ ਭਰੇ ਗਏ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਭਲਕੇ 29 ਅਕਤੂਬਰ ਨੂੰ ਵੀ ਉਕਤ ਥਾਵਾਂ ’ਤੇ ਕੈਂਪ ਲਗਾਏ ਜਾਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਕੈਪਸ਼ਨ :-ਜ਼ਿਲੇ ਵਿਚ ਸਬ-ਡਵੀਜਨ ਪੱਧਰ ’ਤੇ ਲਗਾਏ ਗਏ ਸੁਵਿਧਾ ਕੈਂਪਾਂ ਦੇ ਵੱਖ-ਵੱਖ ਦਿ੍ਰਸ਼।