ਕੋਰੋਨਾ ਲਹਿਰ ਦੇ ਢਲਾਣ ਵੱਲ ਚੱਲਦਿਆਂ, ਹੁਣ ਗੈਰ-ਜ਼ਰੂਰੀ ਦੁਕਾਨਾਂ ਦਾ ਸਮਾਂ ਸਵੇਰੇ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ :ਵਰਿੰਦਰ ਕੁਮਾਰ ਸ਼ਰਮਾ

ਖਾਣ-ਪੀਣ ਵਾਲੀਆਂ ਵਸਤਾਂ ਦੀ ਹੋਮ ਡਿਲੀਵਰੀ ਰਾਤ 9 ਵਜੇ ਤੱਕ ਹੋ ਸਕੇਗੀ
ਡੀ.ਸੀ. ਨੇ ਇਸ ਉਪਲੱਬਧੀ ਦਾ ਸਿਹਰਾ ਸਾਰੇ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਕੋਵਿਡ ਪ੍ਰਬੰਧਨ ‘ਚ ਲੱਗੇ ਹੋਰਨਾਂ ਸਿਰ ਬੰਨਿਆ
ਲੁਧਿਆਣਾ, 26 ਮਈ 2021 ਪਿਛਲੇ ਦੋ ਹਫ਼ਤਿਆਂ ਤੋਂ ਲੁਧਿਆਣਾ ਵਿੱਚ ਕੋਵਿਡ ਮਾਮਲਿਆਂ ਅਤੇ ਸਕਾਰਾਤਮਕ ਦਰ ਵਿੱਚ ਗਿਰਾਵਟ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਦੁਕਾਨਾਂ ਦਾ ਸਮਾਂ ਦੋ ਘੰਟੇ ਹੋਰ ਵਧਾ ਦਿੱਤਾ ਅਤੇ ਹੁਣ ਇਨ੍ਹਾਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲਣ ਦੀ ਆਗਿਆ ਦਿੱਤੀ।
ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਲੁਧਿਆਣਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਦੂਜੀ ਕੋਵਿਡ ਲਹਿਰ ਦਾ ਪਸਾਰ ਮਾਰਚ-ਅਪ੍ਰੈਲ ਮਹੀਨੇ ਵਿੱਚ ਵੱਧਣਾ ਸੁਰੂ ਹੋ ਗਿਆ ਸੀ, ਪਰ ਹੁਣ ਪਿਛਲੇ 2 ਹਫਤਿਆਂ ਕੋਵਿਡ ਕੇਸਾਂ ਵਿੱਚ ਗਿਰਾਵਟ ਆਉਣ ਨਾਲ ਕੁਝ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੋਜਟਿਵ ਕੇਸਾਂ ਅਤੇ ਸਕਾਰਾਤਮਕ ਦਰ ਵਿੱਚ ਲਗਾਤਾਰ ਗਿਰਾਵਟ ਆਈ ਹੈ ਜਿਸ ਕਾਰਨ ਦੁਕਾਨਾਂ ਦੇ ਸਮੇਂ ਵਿੱਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹੁਣ ਖਾਣ-ਪੀਣ ਵਾਲੀਆਂ ਵਸਤਾਂ ਦੀ ਹੋਮ ਡਿਲੀਵਰੀ ਨੂੰ ਵੀ ਰਾਤ 9 ਵਜੇ ਤੱਕ ਆਗਿਆ ਦਿੱਤੀ ਗਈ ਹੈ ਜੋ ਪਹਿਲਾਂ ਰਾਤ 8 ਵਜੇ ਤੱਕ ਸੀ।
ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਦੀ ਤੀਜੀ ਲਹਿਰ ਨੂੰ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਅਤੇ ਜਿੰਨੀ ਜਲਦ ਸੰਭਵ ਹੋ ਸਕੇ ਟੀਕਾਕਰਨ ਕਰਵਾ ਕੇ ਰੋਕ ਸਕਦੇ ਹਾਂ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਕੋਵਿਡ ਸਥਿਤੀ ਵਿਚ ਜੋ ਸੁਧਾਰ ਹੋ ਰਿਹਾ ਹੈ, ਇਸਦਾ ਸਿਹਰਾ ਹਜ਼ਾਰਾਂ ਸਿਹਤ ਕਰਮਚਾਰੀਆਂ, ਹਰ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਂਦਾ ਹੈ ਜੋ ਆਪਣੀ ਅਣਥੱਕ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਪੰਦਰਵਾੜੇ ਵਿੱਚ ਪ੍ਰਸ਼ਾਸਨ ਉਨ੍ਹਾਂ ਨੂੰ ਕੋਵਿਡ ਪ੍ਰਬੰਧਨ ਲਈ ਉਨ੍ਹਾਂ ਦੀ ਪੂਰੀ ਤਨਦੇਹੀ ਅਤੇ ਸਖਤ ਮਿਹਨਤ ਲਈ ਸਨਮਾਨਤ ਕਰੇਗਾ।
ਉਨ੍ਹਾਂ ਸਮੂਹ ਸਮਾਜਿਕ/ਧਾਰਮਿਕ ਸੰਸਥਾਵਾਂ, ਐਨ.ਜੀ.ਓ, ਕਾਰੋਬਾਰੀਆਂ ਜਾਂ ਉਦਯੋਗਪਤੀਆਂ, ਆਕਸੀਜਨ ਉਤਪਾਦਕਾਂ ਅਤੇ ਵਿਤਰਕਾਂ ਦਾ ਧੰਨਵਾਦ ਕੀਤਾ ਜੋ ਇਸ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਦੀ ਸਹਾਇਤਾ ਲਈ ਅੱਗੇ ਆਏ ਹਨ।
ਡਿਪਟੀ ਕਮਿਸ਼ਨਰ ਵੱਲੋਂ ਮਹਾਂਮਾਰੀ ਦੇ ਪਸਾਰ ਲੜੀ ਨੂੰ ਤੋੜਨ ਲਈ ਲਗਾਏ ਗਏ ਕਰਫਿਊ ਦੌਰਾਨ ਪ੍ਰਸ਼ਾਸਨ ਨੂੰ ਪੂਰੇ ਦਿਲੋਂ ਸਮਰਥਨ ਦੇਣ ਲਈ ਲੁਧਿਆਣਵੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

Spread the love