WITH ZERO THREAT PERCEPTION & CENTRAL SECURITY NOW AT HIS DISPOSAL, PUNJAB GOVT DECIDES TO WITHDRAW BAJWA’S STATE SECURITY

ਬਾਜਵਾ ਨੂੰ ਕੋਈ ਖਤਰਾ ਨਾ ਹੋਣ ਅਤੇ ਉਨਾਂ ਵੱਲੋਂ ਕੇਂਦਰੀ ਸੁਰੱਖਿਆ ਲੈਣ ਕਾਰਨ ਪੰਜਾਬ ਸਰਕਾਰ ਵੱਲੋਂ ਸੂਬਾਈ ਸੁਰੱਖਿਆ ਵਾਪਸ ਲੈਣ ਦਾ ਫੈਸਲਾ
ਕਾਂਗਰਸੀ ਲੀਡਰਸ਼ਿਪ ਦੇ ਇਸ਼ਾਰੇ ’ਤੇ ਗ੍ਰਹਿ ਮੰਤਰਾਲੇ ਤੋਂ ਸੁਰੱਖਿਆ ਲੈਣ ਵਾਲੇ ਉਸ ਦੇ ਦਾਅਵੇ ਨੂੰ ਕੀਤਾ ਖਾਰਿਜ
ਚੰਡੀਗੜ, 8 ਅਗਸਤ:
ਪੰਜਾਬ ਸਰਕਾਰ ਨੇ ਕਾਂਗਰਸੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਹਿਲਾਂ ਤੋਂ ਹੀ ਸਿੱਧੇ ਤੌਰ ’ਤੇ ਕੇਂਦਰੀ ਸੁਰੱਖਿਆ ਲੈ ਰਹੇ ਬਾਜਵਾ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਾ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੀ ਪੁਲਿਸ ਵਲੋਂ ਬਾਜਵਾ ਨੂੰ ਦਿੱਤੀ ਸੁਰੱਖਿਆ ਦਾ ਕੋਈ ਮਕਸਦ ਨਹੀਂ ਸੀ ਰਿਹਾ ਕਿਉਂ ਜੋ ਉਨਾਂ ਨੇ ਸਿੱਧੇ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੇਂਦਰੀ ਸੁਰੱਖਿਆ ਹਾਸਲ ਕਰ ਲਈ ਸੀ। ਅਜਿਹੀ ਸਥਿਤੀ ਵਿੱਚ ਦੋਹਰੀ ਸੁਰੱਖਿਆ ਵਿਵਸਥਾ ਨੂੰ ਕਾਰਗਰ ਨਹੀਂ ਮੰਨਿਆ ਜਾ ਸਕਦਾ, ਵਿਸ਼ੇਸ਼ ਕਰ ਕੇ ਉਦੋਂ, ਜਦੋਂ ਰਾਜ ਸਭਾ ਮੈਂਬਰ ਨੇ ਸੂਬੇ ਦੀ ਪੁਲਿਸ ਵਿੱਚ ਕੋਈ ਭਰੋਸਾ ਨਾ ਦਿਖਾਉਂਦਿਆਂ ਕੇਂਦਰੀ ਸੁਰੱਖਿਆ ਪ੍ਰਾਪਤ ਕਰਨਾ ਮੁਨਾਸਿਬ ਸਮਝਿਆ ਹੋਵੇ।
ਬੁਲਾਰੇ ਮੁਤਾਬਕ ਬਾਜਵਾ ਵਲੋਂ ਕੀਤੇ ਦਾਅਵੇ ਦੇ ਉਲਟ ਰਾਜ ਸਭਾ ਮੈਂਬਰ ਨੂੰ ਕੇਂਦਰੀ ਸੁਰੱਖਿਆ ਕਾਂਗਰਸ ਲੀਡਰਸ਼ਿਪ ਦੇ ਕਹਿਣ ’ਤੇ ਨਹੀਂ ਮਿਲੀ ਸੀ। ਉਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ਮੈਂਬਰ ਨੂੰ ਦਰਪੇਸ਼ ਕਿਸੇ ਕਿਸਮ ਦੇ ਖਤਰੇ ਦਾ ਪਤਾ ਲਗਾਉਣ ਲਈ ਰਾਜ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ  ਦੀ ਲੋੜ ਨਹੀਂ ਸਮਝੀ ਜੋ ਕਿ ਆਮ ਤੌਰ ’ਤੇ ਕਿਸੇ ਵੀ ਵਿਅਕਤੀ ਨੂੰ ਕੇਂਦਰੀ ਸੁਰੱਖਿਆ ਦੇਣ ਤੋਂ ਪਹਿਲਾਂ ਲਾਜ਼ਮੀ ਤੌਰ ’ਤੇ ਕੀਤੀ ਜਾਣ ਵਾਲੀ ਪ੍ਰਕਿਰਿਆ ਹੁੰਦੀ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਬਾਜਵਾ ਸਦਨ ਵਿੱਚ ਪਾਰਟੀ ਦੇ ਨੇਤਾ ਗੁਲਾਮ ਨਬੀ ਅਜ਼ਾਦ ਕੋਲ ਕੇਂਦਰੀ ਸੁਰੱਖਿਆ ਲੈਣ ਸਬੰਧੀ ਪਹੁੰਚ ਕੀਤੀ ਹੋਵੇ। ਨਿਯਮ ਮੁਤਾਬਕ ਪਾਰਟੀ ਨੇਤਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਉਸ ਦੀ ਬੇਨਤੀ ਭੇਜ ਦਿੱਤੀ ਹੋਵੇ। ਪਰ ਕੁਝ ਕਾਰਨਾਂ ਕਰਕੇ ਗ੍ਰਹਿ ਮੰਤਰਾਲੇ ਨੇ ਬਾਜਵਾ ਨੂੰ ਸੰਭਾਵੀ ਖਤਰੇ ਸਬੰਧੀ ਸੂਬਾ ਸਰਕਾਰ ਨਾਲ ਵਿਚਾਰ ਵਟਾਂਦਰਾ ਵੀ ਨਹੀਂ ਕੀਤਾ ਜੋ ਕਿ ਅਜਿਹੇ ਮਾਮਲਿਆਂ ਵਿੱਚ ਨਿਰਧਾਰਤ ਨਿਯਮਾਂ ਤੋਂ ਸਪੱਸ਼ਟ ਤੌਰ ’ਤੇ ਉਲਟ ਹੈ ।
ਬੁਲਾਰੇ ਨੇ ਦੱਸਿਆ ਕਿ ਅਸਲ ਵਿੱਚ ਮੌਜੂਦਾ ਸਮੇਂ ਦੌਰਾਨ ਬਾਜਵਾ ਪੰਜਾਬ ਪੁਲਿਸ ਵੱਲੋਂ ਵਾਧੂ ਸੁਰੱਖਿਆ ਪ੍ਰਾਪਤ ਕਰ ਰਹੇ ਸਨ ਜੋ ਰਾਜ ਸਭਾ ਮੈਂਬਰ ਨੂੰ ਦਿੱਤੀ ਜਾਂਦੀ ਸੁਰੱਖਿਆ ਤੋਂ ਵੱਧ ਸੀ। ਇਸ ਦਾ ਕਾਰਨ ਇਹ ਸੀ ਕਿ ਸੂਬਾ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਰਹੇ ਹੋਣ ਕਰਕੇ ਉਨਾਂ ਤੋਂ ਇਹ ਵੱਡੀ ਸੁਰੱਖਿਆ ਵਾਪਸ ਨਹੀਂ ਲਈ ਸੀ। ਅਸੂਲਨ, ਸੰਸਦ ਮੈਂਬਰ ਬਣਨ ਦੇ ਨਾਲ ਹੀ ਕੋਈ ਖਤਰਾ ਨਾ ਹੋਣ ਦੇ ਮੱਦੇਨਜ਼ਰ ਵਧੀ ਹੋਈ ਸੁਰੱਖਿਆ ਨੂੰ ਵਾਪਸ ਲਿਆ ਜਾਣਾ ਚਾਹੀਦਾ ਸੀ।
ਗ੍ਰਹਿ ਮੰਤਰਾਲੇ ਵਲੋਂ 19 ਮਾਰਚ ਨੂੰ ਬਾਜਵਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਅਤੇ ਅੱਜ ਤੱਕ ਉਨਾਂ ਕੋਲ ਨਿੱਜੀ ਸੁਰੱਖਿਆ, ਘਰ ਦੀ ਸੁਰੱਖਿਆ ਅਤੇ ਐਸਕਾਰਟ ਲਈ ਸੀ.ਆਈ.ਐਸ.ਐਫ ਦੇ 25 ਜਵਾਨ ਹਨ ਸਮੇਤ 2 ਐਸਕੋਰਟ ਡਰਾਈਵਰ ਮੌਜੂਦ ਹਨ। 23 ਮਾਰਚ ਤੱਕ ਉਨਾਂ ਕੋਲ 14 ਪੰਜਾਬ ਪੁਲਿਸ ਦੇ ਕਰਮਚਾਰੀ ਵੀ ਤਾਇਨਾਤ ਸਨ ਪਰ ਉਨਾਂ ਵਿਚੋਂ ਕੁਝ ਨੂੰੂ ਕੋਵਿਡ ਡਿਊਟੀ ਦੇ ਮੱਦੇਨਜ਼ਰ ਵਾਪਸ ਬੁਲਾ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਇਸ ਸਮੇਂ ਬਾਜਵਾ ਕੋਲ ਪੰਜਾਬ ਪੁਲਿਸ ਦੇ 6 ਕਰਮਚਾਰੀ ਹਨ ਅਤੇ ਡਰਾਇਵਰ ਸਮੇਤ ਇਕ ਐਸਕਾਰਟ ਹੈ ਜਿਸ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ।
Spread the love