‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ਹੋਰ ਉੱਚ ਪੱਧਰੀ ਟੂਰਨਾਮੈਂਟਾਂ ਵਿੱਚ ਕਈ ਤਮਗੇ ਕੀਤੇ ਹਾਸਿਲ
ਪੰਜਾਬ ਸਰਕਾਰ ਦੇ ਖੇਡ-ਖੱਖੀ ਉਪਰਾਲਿਆਂ ਦੀ ਕੀਤੀ ਸ਼ਲਾਘਾ
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਿੱਚ ਫੂਡ ਇੰਸਪੈਕਟਰ ਵਜੋਂ ਨਿਭਾ ਰਹੇ ਹਨ ਸੇਵਾਵਾਂ
ਚੰਡੀਗੜ੍ਹ, 15 ਫਰਵਰੀ 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੀ ਇੱਕ ਉਦਾਹਰਣ ਚੰਡੀਗੜ੍ਹ ਵਿਖੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਿੱਚ ਫੂਡ ਇੰਸਪੈਕਟਰ ਵਜੋਂ ਤਾਇਨਾਤ ਰਜਨੀਤ ਕੌਰ ਹੈ, ਜੋ ਬਾਡੀ ਬਿਲਡਰ ਦੇ ਨਾਲ-ਨਾਲ ਪਾਵਰਲਿਫਟਰ ਵੀ ਹੈ।
ਇਸ ਮਾਣਮੱਤੀ ਖਿਡਾਰਨ ਨੇ ਹਾਲ ਹੀ ਵਿੱਚ 57 ਕਿਲੋਗ੍ਰਾਮ ਸੀਨੀਅਰ ਗਰੁੱਪ ਅਧੀਨ ਉੱਤਰੀ ਭਾਰਤ ਪਾਵਰਲਿਫਟਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਲੇਡੀਜ਼ ਮਾਡਲ ਫਿਜ਼ੀਕ ਕੈਟੇਗਰੀ ਵਿੱਚ ਪਹਿਲੀ ਫਿਜ਼ੀਕ ਸਪੋਰਟਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਵੀ ਜਿੱਤਿਆ।
ਉਨ੍ਹਾਂ ਨੇ ਇਸ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਹੈ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਇੰਡੀਅਨ ਬਾਡੀ ਬਿਲਡਰਜ਼ ਫੈਡਰੇਸ਼ਨ ਦੁਆਰਾ ਕਰਵਾਈ ਗਈ 12ਵੀਂ ਮਿਸਟਰ/ਮਿਸ ਚੰਡੀਗੜ੍ਹ ਚੈਂਪੀਅਨਸ਼ਿਪ 2024 ਦੌਰਾਨ ਮਹਿਲਾ ਵਰਗ ਵਿੱਚ ਸੋਨ ਤਮਗਾ ਜਿੱਤਿਆ।
ਸੂਬਾ ਸਰਕਾਰ ਦੀਆਂ ਖੇਡ-ਪੱਖੀ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ, ਰਜਨੀਤ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ, ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਬਠਿੰਡਾ ਵਿਖੇ ਸੀਨੀਅਰ ਵਰਗ ਭਾਵ 31-40 ਸਾਲ ਵਿੱਚ 57 ਕਿਲੋਗ੍ਰਾਮ ਵਰਗ ਅਧੀਨ ਪਾਵਰ ਲਿਫਟਿੰਗ ਵਿੱਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਗੁਰਾਇਆ ਵਿਖੇ 57 ਕਿਲੋਗ੍ਰਾਮ ਭਾਰ ਵਰਗ ਦੇ ਸੀਨੀਅਰ ਵਰਗ ਵਿੱਚ ਆਯੋਜਿਤ ਬੈਂਚ ਪ੍ਰੈਸ ਮੁਕਾਬਲਾ ਵੀ ਜਿੱਤਿਆ ਸੀ।
ਇੰਨਾ ਹੀ ਨਹੀਂ, ਰਜਨੀਤ ਨੇ ਇੰਡੀਅਨ ਬਾਡੀ ਬਿਲਡਰਜ਼ ਫੈਡਰੇਸ਼ਨ ਵੱਲੋਂ ਮਹਿਲਾ ਬਿਕਨੀ ਕੈਟੇਗਰੀ ਤਹਿਤ ਕਰਵਾਈ ਮਿਸ ਚੰਡੀਗੜ੍ਹ ਚੈਂਪੀਅਨਸ਼ਿਪ ਵਿੱਚ ਵੀ ਪਹਿਲਾ ਸਥਾਨ ਹਾਸਿਲ ਕੀਤਾ।