ਕੁਲਵਿੰਦਰ ਵਰਗੇ ਲੇਖਕ ਬਦੇਸ਼ਾਂ ‘ਚ  ਪੰਜਾਬੀ ਮਾਂ ਬੋਲੀ ਦੇ ਸਦੀਵੀ ਰਾਜਦੂਤ ਹਨ- ਡਾਃ ਸ ਪ ਸਿੰਘ

ਲੁਧਿਆਣਾਃ 31  ਮਈ :- 
ਜੀ ਜੀ ਐੱਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਮਰੀਕਾ ਵੱਸਦੇ ਪੰਜਾਬੀ ਕਵੀ ਕੁਲਵਿੰਦਰ ਦੀ ਤੀਜੀ  ਗ਼ਜ਼ਲ ਪੁਸਤਕ ਸ਼ਾਮ ਦੀ ਸ਼ਾਖ਼ ‘ਤੇ ਡਾਃ ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ , ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਕੈਲੇਫੋਰਨੀਆ(ਅਮਰੀਕਾ) ਦੇ ਅਹੁਦੇਦਾਰ ਤੇ ਸਿਰਕੱਢ ਪੰਜਾਬੀ ਲੇਖਕ ਸੁਰਿੰਦਰ ਸੀਰਤ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ (ਕੈਨੇਡਾ) ਦੇ ਪ੍ਰਧਾਨ  ਸਾਹਿਬ ਸਿੰਘ ਥਿੰਦ,ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਃ ਮਨਜੀਤ ਸਿੰਘ ਛਾਬੜਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਲੋਕ ਅਰਪਨ ਕੀਤਾ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਪੁਸਤਕ ਅਤੇ ਇਸ ਦੇ ਲੇਖਕ ਦੀ ਦਾਣ ਪਛਾਣ ਕਰਵਾਉਂਦਿਆਂ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਕੁਲਵਿੰਦਰ ਭਾਵੇਂ ਕਿੱਤੇ ਪੱਖੋਂ ਇੰਜਨੀਅਰ ਹੈ ਪਰ ਪ੍ਰਿੰਸੀਪਲ ਤਖ਼ਤ ਸਿੰਘ ਜੀ ਦਾ ਸ਼ਾਗਿਰਦ ਹੋਣ ਕਾਰਨ ਪੰਜਾਬੀ ਗ਼ਜ਼ਲ ਨੂੰ  ਪਿਛਲੇ ਪੈਂਤੀ ਚਾਲੀ ਸਾਲ ਤੋਂ ਸਮਰਪਿਤ ਹੈ। ਡਾਃ ਜਗਤਾਰ ਦੀ ਅਗਵਾਈ ਹੇਠ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਬਿਰਖ਼ਾਂ ਅੰਦਰ ਉੱਗੇ ਖੰਡਰ ਤੇ ਨੀਲੀਆਂ ਲਾਟਾਂ ਦਾ ਸੇਕ ਇਸ ਗੱਲ ਦਾ ਪ੍ਰਮਾਣ ਹੈ ਕਿ ਕੁਲਵਿੰਦਰ ਸੁਚੇਤ ਸ਼ਬਦ ਸਾਧਕ ਹੈ। ਡਾਃ ਸੁਰਜੀਤ ਪਾਤਰ ਉਸ ਨੂੰ ਸੋਚ ਤੇ ਭਾਵਨਾ ਦੀ ਨਿਰੰਤਰਤਾ ਦਾ ਸ਼ਾਇਰ ਮੰਨਦਾ ਹੈ ਜਦ ਕਿ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਗ਼ਜ਼ਲਗੋ ਜਸਵਿੰਦਰ ਉਸ ਨੂੰ ਮਾਨਵੀ ਸੰਵੇਦਨਾ ਦੇ ਗੂੜ੍ਹੇ  ਕਾਵਿਕ ਰੰਗ ਤੇ ਨਿਵੇਕਲੇ ਅੰਦਾਜ਼ ਦਾ ਕਵੀ ਕਹਿੰਦਾ ਹੈ। ਮੈਂ ਉਸ ਦੀ ਅਥਾਹ ਊਰਜਾਵਾਨ ਸ਼ਬਦ ਜੜਤ ਦਾ ਕਾਇਲ ਹਾਂ।
ਡਾਃ ਸ ਪ ਸਿੰਘ ਨੇ ਕਿਹਾ ਕਿ ਕੁਲਵਿੰਦਰ ਵਰਗੇ ਲੇਖਕ ਬਦੇਸ਼ਾਂ ਚ ਮਾਂ ਬੋਲੀ ਪੰਜਾਬੀ ਦੇ ਰਾਜਦੂਤ ਹੁੰਦੇ ਹਨ। ਉਸ ਦੇ ਤੀਸਰੇ ਗ਼ਜ਼ਲ ਸੰਗ੍ਰਹਿ ਸ਼ਾਮ ਦੀ ਸ਼ਾਖ਼ ‘ਤੇ ਦਾ ਗੁਜਰਾਂਵਾਲਾ ਵਿਦਿਅਕ ਸੰਸਥਾਵਾਂ ਚ ਲੋਕ ਅਰਪਨ ਹੋਣਾ ਯਕੀਨਨ ਮਾਣ ਮੱਤੀ ਘਟਨਾ ਹੈ। ਉਨ੍ਹਾਂ ਕਿਹਾ ਕਿ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਨੇੜ ਭਵਿੱਖ ਵਿੱਚ ਵਿਚਾਰ ਚਰਚਾ ਕਰਵਾਈ ਜਾਵੇਗੀ। ਦੋਆਬੇ ਦੇ ਪਿੰਡ ਬੰਡਾਲਾ ਦੇ ਸਿਆਸੀ ਮਾਹੌਲ ਵਿੱਚ ਜਨਮ ਲੈਣ ਕਾਰਨ ਕੁਲਵਿੰਦਰ ਕੋਲ ਵਿਸ਼ਲੇਸ਼ਣੀ ਅੱਖ ਹੈ, ਜੋ ਸਮਾਜਿਕ ਯਥਾਰਥ ਨੂੰ ਬਹੁਤ ਬਾਰੀਕੀ ਨਾਲ ਉਸ ਗ਼ਜ਼ਲਾਂ ਚ ਪਰੋਇਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ  ਕੁਲਵਿੰਦਰ ਤੀਸਰੇ ਨੇਤਰ ਰਾਹੀਂ ਸਮਾਜ ਨੂੰ ਵੇਖਣ ਵਾਲਾ ਸ਼ਾਇਰ ਹੈ ਜਿਸ ਨੇ ਸਾਹਿੱਤ ਸਿਰਜਣਾ ਦੀ ਨਿਰੰਤਰਤਾ ਨੂੰ ਕਾਇਮ ਰੱਖਿਆ ਹੈ।
ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ ਕੈਲੇਫੋਰਨੀਆ ਦੇ ਪ੍ਰਤੀਨਿਧ  ਸੁਰਿੰਦਰ ਸੀਰਤ ਨੇ ਕਿਹਾ ਕਿ ਕੁਲਵਿੰਦਰ, ਸੁਖਵਿੰਦਰ ਕੰਬੋਜ਼ ਤੇ ਅਸੀਂ ਸਾਰੇ ਮੈਂਬਰ ਅਮਰੀਕਾ ਵਿੱਚ ਸਾਹਿੱਤ ਸਰਗਰਮੀਆਂ ਲਗਾਤਾਰ ਕਰਵਾ ਰਹੇ ਹਾਂ। ਇਹ ਸਾਡਾ ਸੁਭਾਗ ਹੈ ਕਿ ਲੁਧਿਆਣਾ ਵਿੱਚ ਸਾਡੇ ਅਹਿਮ ਮੈਂਬਰ ਦੀ ਤੀਸਰੀ ਕਿਤਾਬ ਜਿੱਥੇ ਲੋਕ ਅਰਪਨ ਹੋ ਰਹੀ ਹੈ, ਉਥੇ ਮੈਂ ਵੀ ਹਾਜ਼ਰ ਹਾ।
ਇਸ ਮੌਕੇ ਡਾਃ ਮੁਖਤਿਆਰ ਸਿੰਘ ਧੰਜੂ, ਡਾਃ ਭੁਪਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾਃ ਤੇਜਿੰਦਰ ਕੌਰ, ਡਾਃ ਮਨਦੀਪ ਕੌਰ ਰੰਧਾਵਾ ,ਪ੍ਰੋਃ.ਸ਼ਰਨਜੀਤ ਕੌਰ ਲੋਚੀ ਤੇ ਪ੍ਰੋਃ ਜਸਮੀਤ ਕੌਰ ਵੀ ਹਾਜ਼ਰ ਸਨ।

Spread the love