ਲੁਧਿਆਣਾ, 08 ਅਗਸਤ (000)– ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 36 ਕੇਂਦਰਾਂ ਵਿੱਚ ਮਾਲ ਪਟਵਾਰੀਆਂ, ਜ਼ਿਲੇਦਾਰਾਂ ਅਤੇ ਸਿੰਚਾਈ ਪਟਵਾਰੀਆਂ ਦੀਆਂ 1152 ਅਸਾਮੀਆਂ ਲਈ ਭਰਤੀ ਲਈ ਲਿਖਤੀ ਪ੍ਰੀਖਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਆਪਕ ਪ੍ਰਬੰਧ ਕੀਤੇ ਸਨ ਜਿਸਦੇ ਤਹਿਤ ਅੱਜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਸਮਾਜਿਕ ਦੂਰੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 36 ਕੇਂਦਰ ਸਥਾਪਤ ਗਏ ਸਨ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਅੱਜ ਦੀ ਪ੍ਰੀਖਿਆ ਲਈ ਨੋਡਲ ਅਫਸਰ ਸਨ। ਉਨ੍ਹਾਂ ਯਕੀਨੀ ਬਣਾਇਆ ਕਿ ਪ੍ਰੀਖਿਆ ਸਹੀ ਅਤੇ ਨਿਰਪੱਖ ਢੰਗ ਨਾਲ ਆਯੋਜਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ 36 ਕੇਂਦਰਾਂ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਸੀ ਅਤੇ ਹਰੇਕ ਸੈਕਟਰ ਦੀ ਨਿਗਰਾਨੀ ਇੱਕ ਐਸ.ਡੀ.ਐਮ. ਦੁਆਰਾ ਕੀਤੀ ਗਈ ਅਤੇ ਹਰੇਕ ਪ੍ਰੀਖਿਆ ਕੇਂਦਰ ਵਿੱਚ ਤਹਿਸੀਲਦਾਰਾਂ ਅਤੇ ਨਾਇਬ-ਤਹਿਸੀਲਦਾਰਾਂ ਨੂੰ ਨਿਗਰਾਨ ਵਜੋਂ ਵੀ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਲਗਭਗ 19 ਹਜ਼ਾਰ ਉਮੀਦਵਾਰਾਂ ਵਿੱਚੋਂ 14,152 (ਲਗਭਗ 74.50 ਫੀਸਦ) ਅੱਜ ਦੀ ਪ੍ਰੀਖਿਆ ਵਿੱਚ ਬੈਠੇ ਸਨ।
ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਕੱਲ੍ਹ ਸ਼ਾਮ ਪ੍ਰਾਪਤ ਹੋਏ ਸਨ ਅਤੇ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਕਮਰਿਆਂ ਵਿੱਚ ਸੀਲਬੰਦ ਬਕਸੇ ਵਿੱਚ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਪ੍ਰਸ਼ਨ ਪੱਤਰ ਅੱਜ ਸਵੇਰੇ ਪੂਰੀ ਸੁਰੱਖਿਆ ਦੇ ਨਾਲ ਸਬੰਧਤ ਪ੍ਰੀਖਿਆ ਕੇਂਦਰਾਂ ਨੂੰ ਭੇਜੇ ਗਏ।
ਡਿਪਟੀ ਕਮਿਸ਼ਨਰ ਨੇ ਅੱਜ ਦੀ ਪ੍ਰੀਖਿਆ ਨੂੰ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਚਲਾਉਣ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।