ਸਾਲ-2021 ਦਾ ਲੇਖਾ-ਜੋਖਾ
ਡਿਪਟੀ ਕਮਿਸ਼ਨਰ ਦੀ ਅਸਰਦਾਰ ਦੇਖ-ਰੇਖ ਨੇ ਕੋਵਿਡ ਦੇ ਟਾਕਰੇ, ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਆਦਿ ‘ਚ ਨਿਭਾਈ ਅਹਿਮ ਭੂਮਿਕਾ
ਜਲੰਧਰ, 30 ਦਸੰਬਰ 2021
ਖ਼ਤਮ ਹੋਣ ਜਾ ਰਹੇ ਵਰ੍ਹੇ 2021 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਨਿਭਾਈ ਗਈ ਭੂਮਿਕਾ ਬੇਮਿਸਾਲ ਸੀ, ਜਿਸ ਸਦਕਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਅਨੇਕਾਂ ਕੀਮਤੀ ਜਾਨਾਂ ਸਮੇਂ ਸਿਰ ਬਚਾਈਆਂ ਗਈਆਂ।
ਹੋਰ ਪੜ੍ਹੋ :-ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਅਰਵਿੰਦ ਕੇਜਰੀਵਾਲ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਦੌਰਾਨ ਨਾ ਸਿਰਫ਼ ਲੋਕਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਇਆ ਸਗੋਂ ਪੰਜਾਬ ਸਰਕਾਰ ਨਾਲ ਲਗਾਤਾਰ ਤਾਲਮੇਲ ਬਣਾ ਕੇ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਵੀ ਸਥਾਪਤ ਕਰਾਇਆ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਹੰਗਾਮੀ ਹਾਲਤ ਦੌਰਾਨ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਾਲ 2021 ਦੌਰਾਨ ਸਮੇਂ-ਸਮੇਂ ਸਿਰ ਸਿਹਤ ਸੰਭਾਲ ਦੇ ਖੇਤਰ ਵਿੱਚ ਆਈ ਹਰ ਚੁਣੌਤੀ ਦਾ ਢੁੱਕਵਾਂ ਹੱਲ ਕਰਦਿਆਂ ਵੱਖ-ਵੱਖ ਵਿਭਾਗਾਂ ਨੂੰ ਦਿੱਤੇ ਕੰਮਾਂ ਨੂੰ ਵੀ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ। ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਲਗਾਤਾਰ ਨਿਗਰਾਨੀ ਦੇ ਸਿੱਟੇ ਵਜੋਂ ਕੋਵਿਡ ਦੀ ਔਖੀ ਘੜੀ ਦੌਰਾਨ ਲੋੜਵੰਦਾਂ ਨੂੰ ਇਲਾਜ ਅਤੇ ਦਵਾਈਆਂ ਹਾਸਲ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ।
ਸਿਵਲ ਹਸਪਤਾਲ ਅਤੇ ਹੋਰਨਾਂ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰਾਂ ਦੀ ਕਮੀ ਅਤੇ ਰੈਮਡੀਸੀਵਰ ਟੀਕਿਆਂ ਦੀ ਘਾਟ ਦੇ ਮਾਮਲੇ ਨੂੰ ਵੀ ਡਿਪਟੀ ਕਮਿਸ਼ਨਰ ਨੇ ਬਹੁਤ ਦੂਰਅੰਦੇਸ਼ੀ ਨਾਲ ਹੱਲ ਕਰਦਿਆਂ ਇਨ੍ਹਾਂ ਦੀ ਸਪਲਾਈ ਨੂੰ ਨਿਰੰਤਰ ਨਿਗਰਾਨੀ ਹੇਠ ਲਿਆ ਕੇ ਲੋਕਾਂ ਨੂੰ ਵੱਡਾ ਫਾਇਦਾ ਪਹੁੰਚਾਇਆ। ਇਸ ਉਪਰੰਤ ਜਲੰਧਰ ਇਕ ਅਜਿਹੇ ਜ਼ਿਲ੍ਹੇ ਵਜੋਂ ਉਭਰਿਆ ਜਿਥੇ ਕੋਵਿਡ ਦੀ ਸਿਖਰ ਦੌਰਾਨ ਵੀ ਲੋਕਾਂ ਨੂੰ ਹਰ ਸਹੂਲਤ ਮਿਲਦੀ ਰਹੀ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਨਾ ਸਿਰਫ਼ ਲੋਕਾਂ ਵਲੋਂ ਸਗੋਂ ਪੰਜਾਬ ਸਰਕਾਰ ਵੱਲੋਂ ਵੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਖੁਦ ਕੋਵਿਡ ਟੀਕਾਕਰਨ ਦੀ ਨਿਗ੍ਹਾਸਾਨੀ ਕਰਦਿਆਂ ਟੀਕਾਕਰਨ ਲਈ ਹਰ ਯੋਗ ਲਾਭਪਾਤਰੀ ਨੂੰ ਪ੍ਰੇਰਿਆ, ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਵਿੱਚ 50 ਹਜ਼ਾਰ ਖੁਰਾਕਾਂ ਵੀ ਇਕ ਦਿਨ ਵਿੱਚ ਲਗਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਦੇ ਅਣਥੱਕ ਯਤਨਾਂ ਸਦਕਾ ਸੈਂਕੜੇ ਕੀਮਤੀ ਜਾਨਾਂ ਕੋਵਿਡ ਤੋਂ ਬਚਾਈਆਂ ਗਈਆਂ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਟਾਕਰੇ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ ।
ਇਸੇ ਤਰ੍ਹਾਂ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਖੇਤਰ ਵਿੱਚ ਵੀ ਜਲੰਧਰ ਮੋਹਰੀ ਜ਼ਿਲ੍ਹੇ ਵਜੋਂ ਉਭਰਿਆ ਅਤੇ ਡਿਪਟੀ ਕਮਿਸ਼ਨਰ ਦੀ ਅਸਰਦਾਰ ਦੇਖ-ਰੇਖ ਤਹਿਤ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੀ ਬਕਾਇਆ ਦਰ ਸਿਫ਼ਰ ‘ਤੇ ਲਿਆਂਦੀ ਗਈ। ਜਲੰਧਰ ਜ਼ਿਲ੍ਹਾ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਵੀ ਬਹੁਤ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਵੀ ਸਲਾਹਿਆ ਗਿਆ ਅਤੇ 2021 ਦੌਰਾਨ ਕਈ ਅਹਿਮ ਪ੍ਰਾਜੈਕਟ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ।