ਪਟਵਾਰੀਆਂ ਦੀ ਰੈਗੁਲਰ ਭਰਤੀ ਚ ਵਾਧਾ ਕਰੇ ਸਰਕਾਰ: ਮੀਤ ਹੇਅਰ

Sorry, this news is not available in your requested language. Please see here.

ਜੇ ਠੇਕਾ ਭਰਤੀ ਬੰਦ ਨਾ ਕੀਤੀ ਤਾਂ ਮੁਖ ਮੰਤਰੀ ਦਾ ਘਰ ਘੇਰੇਗੀ ਆਪ

ਪਟਿਆਲਾ, 29 ਅਗਸਤ

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੋਂ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਸੇਵਾ ਮੁਕਤ ਪਟਵਾਰੀਆਂ ਦੀ ਮੁੜ ਭਰਤੀ ਨਾ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ ਤੇ ਅਗਲੇ ਹਫ਼ਤੇ ਮੁਖ ਮੰਤਰੀ ਦੇ ਘਰ ਦਾ ਘਿਰਾਉ ਕਰਨ ਦੀ ਚੇਤਾਵਨੀ ਦਿੱਤੀ ਹੈ।
ਐਤਵਾਰ ਨੂੰ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਹੁਣ ਪਟਵਾਰੀਆਂ ਦੀ ਰੈਗੂਲਰ ਭਰਤੀ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ  3000  ਤੋਂ ਜਿਆਦਾ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹਨ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੇਵਲ ਇੱਕ ਹਜ਼ਾਰ ਨੱਬੇ ਹੀ ਰੈਗੂਲਰ ਭਰਤੀ ਕਰ ਰਹੀ ਹੈ ਅਤੇ ਬਾਕੀ ਅਸਾਮੀਆਂ ਤੇ ਸੇਵਾ ਮੁਕਤ ਪਟਵਾਰੀਆਂ ਦੀ ਠੇਕੇ ਤੇ ਭਰਤੀ ਕਰ ਰਹੀ ਹੈ। ਜੋ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਧੜੀ ਹੈ। ਉਨ੍ਹਾਂ ਸੇਵਾ ਮੁਕਤ ਪਟਵਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੇ ਨੌਜਵਾਨਾਂ ਦੀ ਪਿਠ ਵਿੱਚ ਛੁਰਾ ਮਾਰਨ ਦੇ ਪਾਪ ਚ ਭਾਗੀਦਾਰ ਨਾ ਬਣਨ।

ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਸਰਕਾਰ ਪਟਵਾਰੀਆਂ ਦੀਆਂ ਸਾਰੀਆਂ ਅਸਾਮੀਆਂ ਤੇ ਰੈਗੂਲਰ ਭਰਤੀ ਕਰੇ ਅਤੇ ਠੇਕਾ ਭਰਤੀ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਪਟਵਾਰੀਆਂ ਦੀ ਰੈਗੂਲਰ ਭਰਤੀ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਅਗਲੇ ਹਫ਼ਤੇ ਕਾਂਗਰਸ ਸਰਕਾਰ ਖਿਲਾਫ਼ ਸੰਘਰਸ਼ ਕਰੇਗੀ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਉ ਕਰੇਗੀ। ਇਸ ਮੌਕੇ ਗਗਨਦੀਪ ਸਿੰਘ ਚੱਡਾ ਸੂਬਾ ਸਕੱਤਰ, ਇੰਦਰਜੀਤ ਸੰਧੂ ਲੋਕ ਸਭਾ ਇੰਚਾਰਜ ਪਟਿਆਲਾ, ਮੇਘ ਚੰਦ ਸ਼ੇਰਮਾਜਰਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਪਟਿਆਲਾ, ਤੇਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪਟਿਆਲਾ, ਬਲਜਿੰਦਰ ਸਿੰਘ ਢਿੱਲੋਂ ਆਦਿ ਆਗੂ ਹਾਜਰ ਸਨ।