ਮੁਕੰਮਲ ਠੀਕ ਹੋਣ ਤੋਂ ਬਾਅਦ ਵਾਪਸ ਹਸਪਤਾਲ ਨੂੰ ਜਮ੍ਹਾਂ ਕਰਵਾਉਣਗੇ ਹੋਣਗੇ ਆਕਸੀਜ਼ਨ ਕੰਟਸਟਰੇਟਰ
ਫਾਜ਼ਿਲਕਾ, 26 ਮਈ 2021
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਪਾਜੀਟਿਵ ਆਉਣ ਉਪਰੰਤ ਜਿਹੜੇ ਵਿਅਕਤੀ ਕੋਵਿਡ `ਤੇ ਫਤਿਹ ਹਾਸਲ ਕਰ ਲੈਂਦੇ ਹਨ ਪਰ ਹਾਲੇ ਵੀ ਉਨ੍ਹਾਂ ਨੂੰ ਆਕਸੀਜਨ ਦਿੱਤੇ ਜਾਣ ਦੀ ਲੋੜ ਹੈ ਉਨ੍ਹਾਂ ਨੂੰ ਡਾਕਟਰੀ ਸਲਾਹ ਅਨੁਸਾਰ ਆਕਸੀਜਨ ਕੰਨਸਟਰੇਟਰ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਸਿਵਲ ਹਸਪਤਾਲ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਇਸ ਤਹਿਤ ਆਕਸੀਜਨ ਬੈਂਕ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਕਸੀਜਨ ਬੈਂਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਵਲ ਹਸਪਤਾਲਾਂ ਵਿਖੇ ਨੋਡਲ ਅਫਸਰ ਵੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਡਾ. ਸੁਧੀਰ ਪਾਠਕ, ਸਿਵਲ ਹਸਪਤਾਲ ਅਬੋਹਰ ਵਿਖੇ ਡਾ. ਗਗਨਦੀਪ ਸਿੰਘ ਅਤੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਡਾ. ਦਵਿੰਦਰ ਕੁਮਾਰ ਇਸ ਦੀ ਪੂਰੀ ਦੇਖ-ਰੇਖ ਕਰਨਗੇ ਅਤੇ ਲੋੜਵੰਦ ਮਰੀਜ ਇਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਦਾਇਤਾਂ ਮੌਜੂਦਾ ਕੋਰੋਨਾ ਪੀੜਤਾਂ `ਤੇ ਲਾਗੂ ਨਹੀ ਹੋਣਗੀਆਂ।ਉਨ੍ਹਾਂ ਕਿਹਾ ਕਿ ਘਰ ਵਿਚ ਆਕਸੀਜਨ ਕੰਨਸਟਰੇਟਰ ਦੇਣ ਦੀ ਸਹੂਲਤ ਡਾਕਟਰ ਦੀ ਸਲਾਹ ਅਨੁਸਾਰ ਹੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਆਕਸੀਜਨ ਬੈਂਕ ਤੋਂ ਹੀ 5 ਲੀਟਰ ਜਾਂ ਉਸ ਤੋਂ ਘੱਟ ਮਾਤਰਾ ਵਾਲਾ ਆਕਸੀਜ਼ਨ ਕੰਟਸਟਰੇਟਰ ਲੋੜਵੰਦ ਵਿਅਕਤੀ ਨੂੰ ਮੁਹੱਈਆ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਆਕਸੀਜਨ ਕੰਟਸਟਰੇਟਰ ਲੈਣ ਵਾਲੇ ਵਿਅਕਤੀ ਨੂੰ ਇਸ ਸਬੰਧੀ ਆਪਣਾ ਸਵੈ-ਘੋਸ਼ਣਾ ਪੱਤਰ ਦੇਣਾ ਲਾਜਮੀ ਹੋਵੇਗਾ।
ਸਿਵਲ ਸਰਜਨ ਨੇ ਕਿਹਾ ਕਿ ਵਿਅਕਤੀ ਨੂੰ ਇਲਾਜ ਮੁਕੰਮਲ ਹੋਣ `ਤੇ ਆਕਸੀਜ਼ਨ ਕੰਟਸਟਰੇਟਰ ਵਾਪਸ ਕਰਨਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ ਸਿਕਿਉਰਟੀ ਦੇ ਤੌਰ `ਤੇ ਪੀਲਾ ਕਾਰਡ, ਨੀਲਾ ਕਾਰਡ, ਆਯੂਸ਼ਮਾਨ ਜਾਂ ਉਸਾਰੀ ਕਿਰਤੀ ਕਾਰਡ ਵਾਲੇ ਵਿਅਕਤੀਆਂ ਨੂੰ 5 ਹਜ਼ਾਰ ਰੁਪਏ ਅਤੇ ਹੋਰ ਕੈਟਾਗਰੀ ਨਾਲ ਸਬੰਧਤ ਵਿਅਕਤੀਆਂ ਨੂੰ 10 ਹਜ਼ਾਰ ਰੁਪਏ ਜਮਾ ਕਰਵਾਉਣਗੇ ਪੈਣਗੇ, ਆਕਸੀਜ਼ਨ ਕੰਟਸਟਰੇਟਰ ਵਾਪਸ ਕਰਨ `ਤੇ ਉਨ੍ਹਾਂ ਨੂੰ ਪੈਸੇ ਵਾਪਸ ਮਿਲ ਜਾਣਗੇ।