*ਜੰਤਰ-ਮੰਤਰ ਵਿਖੇ ਪੰਜਾਬ ਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਧਰਨੇ ’ਚ ਕੀਤੀ ਸ਼ਿਰਕਤ
ਨਵਾਂਸ਼ਹਿਰ, 4 ਨਵੰਬਰ :
ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਫ਼ੈਸਲੇ ਹੋਣ ਤੱਕ ਟਿਕ ਕੇ ਨਹੀਂ ਬੈਠਾਂਗੇ ਅਤੇ ਪੰਜਾਬ ਅਤੇ ਕਿਸਾਨੀ ਦੇ ਹੱਕਾਂ ਦੀ ਲੜਾਈ ਡੱਟ ਕੇ ਲੜੇਗੀ ਜਾਵੇਗੀ। ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਦਿੱਤੇ ਗਏ ਧਰਨੇ ਵਿਚ ਸ਼ਿਕਰਤ ਕਰਨ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਲਿਆ ਕੇ ਇਸ ਵੇਲੇ ਪੰਜਾਬ ਅਤੇ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨਾਂ ਕਿਹਾ ਕਿ ਕੇਂਦਰ ਵੱਲੋਂ ਇਸ ਸਮੇਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸੇ ਤਹਿਤ ਜਿਥੇ ਪੰਜਾਬ ਨੂੰ ਆਉਣ ਵਾਲੀਆਂ ਮਾਲ ਗੱਡੀਆਂ ਰੋਕ ਕੇ ਜ਼ਰੂਰੀ ਵਸਤਾਂ ਦੀ ਸਪਲਾਈ ਠੱਪ ਕਰ ਦਿੱਤੀ ਗਈ ਹੈ, ਉਥੇ ਪੰਜਾਬ ਦਾ ਪੇਂਡੂ ਵਿਕਾਸ ਫੰਡ ਅਤੇ ਜੀ. ਐਸ. ਟੀ ਦਾ ਹਿੱਸਾ ਵੀ ਰੋਕ ਦਿੱਤਾ ਗਿਆ ਹੈ। ਉਨਾ ਕਿਹਾ ਕਿ ਕੇਂਦਰ ਦੀਆਂ ਵਿਤਕਰੇ ਵਾਲੀਆਂ ਨੀਤੀਆਂ ਕਾਰਨ ਕਿਸਾਨਾਂ ਦੇ ਨਾਲ-ਨਾਲ ਉਦਯੋਗਪਤੀ ਅਤੇ ਵਪਾਰੀ ਵੀ ਇਸ ਵੇਲੇ ਨਿਰਾਸ਼ਾ ਦੇ ਆਲਮ ਵਿਚ ਹਨ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਿਥੇ ਕੋਲੇ ਦੀ ਘਾਟ ਕਾਰਨ ਬਿਜਲੀ ਸਪਲਾਈ ਬੰਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ, ਉਥੇ ਖਾਦਾਂ ਦੀ ਕਮੀ ਕਾਰਨ ਕਣਕ ਦੀ ਬਿਜਾਈ ਪੱਛੜਨ ਦੇ ਆਸਾਰ ਵੀ ਬਣੇ ਹੋਏ ਹਨ। ਉਨਾਂ ਕਿਹਾ ਕਿ ਕੋਵਿਡ ਦੇ ਝੰਬੇ ਆਮ ਲੋਕ ਇਸ ਵੇਲੇ ਆਰਥਿਕ ਸੰਕਟ ਦੀ ਦੋਹਰੀ ਮਾਰ ਝੱਲਣ ਲਈ ਮਜਬੂਰ ਹੋਏ ਬੈਠੇ ਹਨ, ਜਿਸ ਲਈ ਪੂਰੀ ਤਰਾਂ ਕੇਂਦਰ ਸਰਕਾਰ ਜਿੰਮੇਵਾਰ ਹੈ।