ਖੇਤੀਬਾੜੀ ਮਾਹਿਰਾਂ ਨੇ ਪਿੰਡ ਸਿੰਘਪੁਰਾ ਵਿੱਚ ਝੋਨੇ ਉਤੇ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਹਮਲੇ ਦਾ ਕੀਤਾ ਨਿਰੀਖਣ
ਕੁਰਾਲੀ, 19 ਅਗਸਤ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਦੀ ਟੀਮ ਨੇ ਝੋਨੇ ਦੀ ਫ਼ਸਲ ਉਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕਰਦਿਆਂ ਕਿਸਾਨਾਂ ਨੂੰ ਦਵਾਈਆਂ ਦੇ ਛਿੜਕਾਅ ਦੇ ਸਹੀ ਤਰੀਕੇ ਬਾਰੇ ਦੱਸਿਆ।
ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਪਿੰਡ ਸਿੰਘਪੁਰਾ ਵਿਖੇ ਜ਼ੈਲਦਾਰ ਸੁਖਪਾਲ ਸਿੰਘ ਦੇ ਝੋਨੇ ਦੇ ਖੇਤ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਰਸਾਇਣਾਂ ਦੀ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀ ਗਈ ਹੈ। ਇਸ ਲਈ ਰਸਾਇਣਾਂ ਦੀ ਚੋਣ ਕਰਨ ਤੋਂ ਪਹਿਲਾਂ ਫਸਲ ਦੇ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਸਹੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਆਮ ਵੇਖਣ ਵਿੱਚ ਆਇਆ ਹੈ ਕਿ ਕੁੱਝ ਕਿਸਾਨ ਵੀਰ ਇਕ ਹੀ ਨੋਜ਼ਲ ਨਦੀਨਾਂ, ਕੀੜੇ ਅਤੇ ਬਿਮਾਰੀਆਂ ਦੇ ਛਿੜਕਾਅ ਲਈ ਵਰਤੀ ਜਾਂਦੇ ਹਨ। ਜਿਵੇਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈੱਟ ਅਤੇ ਖੜ੍ਹੀ ਫਸਲ ਵਿੱਚ ਸਿਰਫ਼ ਫਲੈਟਫੈਨ ਨੋਜ਼ਲ ਅਤੇ ਕੀੜੇ-ਮਕੌੜੇ, ਬਿਮਾਰੀਆਂ ਦੀ ਰੋਕਥਾਮ ਲਈ ਕੋਣ ਵਾਲੀ ਨੋਜ਼ਲ ਹੀ ਵਰਤੀ ਜਾਵੇ।
ਇਸ ਮੌਕੇ ਏ.ਡੀ.ਓ. ਡਾ. ਰਮਨ ਕਰੋੜੀਆ ਨੇ ਕਿਹਾ ਕਿ ਰਸਾਇਣਾਂ ਅਤੇ ਨੋਜ਼ਲ ਦੀ ਚੋਣ ਤੋਂ ਬਾਅਦ ਪਾਣੀ ਦੀ ਮਾਤਰਾ ਜੋ ਸਿਫ਼ਾਰਸ਼ ਕੀਤੀ ਗਈ ਹੈ, ਉਨੀ ਹੀ ਵਰਤੀ ਜਾਵੇ। ਜੇ ਕਿਸਾਨ ਵੀਰ ਸਾਰੀਆਂ ਗੱਲਾਂ ਦਾ ਧਿਆਨ ਰੱਖਣਗੇ ਅਤੇ ਸਾਵਧਾਨੀਆਂ ਵਰਤਣਗੇ ਤਾਂ ਜ਼ਰੂਰ ਚੰਗੇ ਨਤੀਜੇ ਆਉਣਗੇ। ਇਸ ਟੀਮ ਵਿੱਚ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ, ਡਾ. ਪਰਮਿੰਦਰ ਸਿੰਘ, ਏ.ਡੀ.ਓ. ਡਾ. ਕੇਤਨ ਚਾਵਲਾ ਅਤੇ ਏ.ਟੀ.ਐਮ. ਸਵਿੰਦਰ ਕੁਮਾਰ ਹਾਜ਼ਰ ਸਨ।