ਬਟਾਲਾ, 23 ਜੂਨ 2021 ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਦੇ ਹੋ ਰਹੇ ਸਰਬਪੱਖੀ ਵਿਕਾਸ ਦੀ ਮੌਕੇ ’ਤੇ ਜਾ ਕੇ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਦੇ ਨਾਲ ਕੰਮ ਦੀ ਗੁਣਵਤਾ ਦਾ ਧਿਆਨ ਵੀ ਰੱਖਿਆ ਜਾ ਸਕੇ। ਚੇਅਰਮੈਨ ਬਾਜਵਾ ਵੱਲੋਂ ਪਿੰਡ ਕਾਲਾ ਅਫ਼ਗਾਨਾ ਵਿਖੇ ਪਹੁੰਚ ਕੇ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਵੀਨੰਦਨ ਬਾਜਵਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿੰਡਾਂ ਦਾ ਰਿਕਾਰਡ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ, ਸੁੰਦਰ ਪਾਰਕ ਬਣਾਏ ਗਏ ਹਨ ਅਤੇ ਛੱਪੜਾਂ ਦਾ ਥਾਪਰ ਮਾਡਲ ਤਹਿਤ ਨਵੀਨੀਕਰਨ ਕਰਕੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਹੋਣ ਨਾਲ ਪਿੰਡਾਂ ਦੀ ਆਬੋ-ਹਵਾ ਵੀ ਸੁਧਰੀ ਹੈ ਅਤੇ ਹੁਣ ਸਹੂਲਤਾਂ ਦੇ ਪੱਖ ਤੋਂ ਪਿੰਡ ਸ਼ਹਿਰਾਂ ਨਾਲੋਂ ਘੱਟ ਨਹੀਂ ਰਹੇ। ਉਨ੍ਹਾਂ ਕਿਹਾ ਕਿ ਵਿਕਾਸ ਇੱਕ ਨਿਰੰਤਰ ਪ੍ਰੋਸੈੱਸ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਕੀਤਾ ਜਾਵੇਗਾ।
ਚੇਅਰਮੈਨ ਬਾਜਵਾ ਨੇ ਕਿਹਾ ਕਿ ਪੰਚਾਇਤ ਵਿਭਾਗ ਨੇ ਜਿਥੇ ਪਿੰਡਾਂ ਵਿੱਚ ਵਿਕਾਸ ਕਾਰਜ ਕੀਤੇ ਹਨ ਓਥੇ ਪੇਂਡੂ ਸਵਾਣੀਆਂ ਨੂੰ ਆਜੀਵਕਾ ਮਿਸ਼ਨ ਤਹਿਤ ਆਰਥਿਕ ਪੱਖੋਂ ਮਜ਼ਬੂਤ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ, ਜਿਸ ਤਹਿਤ ਔਰਤਾਂ ਨੇ ਆਪਸ ਵਿੱਚ ਮਿਲ ਕੇ ਸਵੈ-ਰੁਜ਼ਗਾਰ ਸ਼ੁਰੂ ਕਰਕੇ ਸਫਲਤਾ ਦੇ ਨਵੇ ਅਯਾਮ ਸਥਾਪਤ ਕੀਤੇ ਹਨ। ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਜੋ ਵਿਕਾਸ ਦੇ ਕੰਮ ਕੀਤੇ ਹਨ ਉਸ ਤੋਂ ਲੋਕ ਸੰਤੁਸ਼ਟ ਹਨ।