ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਵੱਲੋਂ ਤਰਨ ਤਾਰਨ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਆਗਾਜ਼

Sorry, this news is not available in your requested language. Please see here.

ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਰਾਹੀਂ ਕਣਕ ਵੰਡ ਕੇ ਕੀਤੀ ਯੋਜਨਾ ਦੀ ਸ਼ੁਰੂਆਤ
ਲਾਭਪਾਤਰੀ ਪੂਰੇ ਪੰਜਾਬ ਵਿੱਚ ਕਿਸੇ ਵੀ ਰਾਸ਼ਨ ਡਿਪੂ ਤੋਂ ਲੈ ਸਕਣਗੇ ਰਾਸ਼ਨ
ਜ਼ਿਲੇ ਅੰਦਰ 1.78 ਲੱਖ ਪਰਿਵਾਰਾਂ ਦੇ ਲੱਗਭੱਗ 7.30 ਲੱਖ ਲਾਭਪਾਤਰੀਆਂ ਨੂੰ ਮਿਲੇਗਾ ਇਸ ਦਾ ਫਾਇਦਾ
ਤਰਨ ਤਾਰਨ, 12 ਸਤੰਬਰ :
ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਅਤੇ ਰਾਸ਼ਨ ਵੰਡ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਸਮਾਰਟ ਰਾਸ਼ਨ ਕਾਰਡ ਯੋਜਨਾ ਨੂੰ ਜ਼ਿਲਾ ਤਰਨ ਤਾਰਨ ਵਿੱਚ ਲਾਗੂ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਪੰਜਾਬ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆਂ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਨਾਂ ਨੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਰਾਹੀਂ ਕਣਕ ਵੰਡ ਕੇ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐੱਸ. ਐੱਸ. ਪੀ. ਸ੍ਰੀ ਧਰੁਮਨ ਐੱਚ. ਨਿੰਬਲੇ ਵੀ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਵੱਲੋਂ 10 ਲਾਭਪਾਤਰੀਆਂ ਨੂੰ ਪ੍ਰਤੀਕ ਦੇ ਰੂਪ ਵਿੱਚ ਸਮਾਰਟ ਕਾਰਡ ਵੀ ਵੰਡੇ ਗਏ।ਉਨਾਂ ਦੱਸਿਆ ਕਿ ਜ਼ਿਲੇ ਅੰਦਰ 1.78 ਲੱਖ ਪਰਿਵਾਰਾਂ ਦੇ ਲੱਗਭੱਗ 7.30 ਲੱਖ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ।
ਇਸ ਤੋਂ ਇਲਾਵਾ ਵਿਧਾਇਕਾਂ ਸ੍ਰ. ਹਰਮਿੰਦਰ ਸਿੰਘ ਗਿੱਲ, ਸ੍ਰੀ ਸੁਖਪਾਲ ਸਿੰਘ ਭੁੱਲਰ ਅਤੇ ਸ੍ਰ. ਰਮਨਜੀਤ ਸਿੰਘ ਸਿੱਕੀ ਵੱਲੋਂ ਸਾਰੇ ਜ਼ਿਲ੍ਹੇ ਵਿੱਚ ਇੱਕੋ ਸਮੇਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਕੈਬਨਿਟ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਕਿਹਾ ਕਿ ਇਹ ਯੋਜਨਾ ਰਾਜ ਵਿਚ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣੇ ਰਾਸ਼ਨ ਕਾਰਡਾਂ ਨੂੰ ਸਬੰਧਤ ਡਿਪੂ ਵਿੱਚ ਤਬਦੀਲ ਕਰਨ ਦੀ ਚਿੰਤਾ ਕੀਤੇ ਬਗੈਰ ਆਪਣੀ ਮਰਜ਼ੀ ਨਾਲ ਕਿਸੇ ਵੀ ਸਰਕਾਰੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਜਨਤਕ ਵੰਡ ਪ੍ਰਣਾਲੀ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਦੇ ਨਾਲ-ਨਾਲ ਜਾਅਲੀ ਵੰਡ ਨੂੰ ਖਤਮ ਕਰਨਾ ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਅਸਲ ਲਾਭਪਾਤਰੀ ਨੂੰ ਡਿਪੂ ਤੋਂ ਰਾਸ਼ਨ ਮੁਹੱਈਆ ਕਰਵਾਉਣਾ ਹੈ ।
ਉਨ੍ਹਾਂ ਅੱਗੇ ਕਿਹਾ ਕਿ ਨਵੀਂ ਪ੍ਰਣਾਲੀ ਰਾਸ਼ਨ ਵੰਡ ਵਿੱਚ ਧੋਖਾਦੇਹੀ ਜਾਂ ਚੋਰੀ ਨੂੰ ਬਿਲਕੁਲ ਖਤਮ ਕਰ ਦੇਵੇਗੀ ਕਿਉਂਕਿ ਸਮੁੱਚੀ ਪ੍ਰਣਾਲੀ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਸਿਸਟਮ `ਤੇ ਆਧਾਰਿਤ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 1.78 ਲੱਖ ਪਰਿਵਾਰਾਂ ਨੂੰ ਇਹ ਰਾਸ਼ਨ ਕਾਰਡ ਪ੍ਰਾਪਤ ਹੋਣਗੇ, ਜਿਨ੍ਹਾਂ ਵਿੱਚ ਲਾਭਪਾਤਰੀ ਦੀ ਪਹਿਚਾਣ ਅਤੇ ਪੂਰੀ ਜਾਣਕਾਰੀ ਸਬੰਧੀ ਚਿੱਪ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਕੀਮ ਤਹਿਤ ਲਾਭਪਾਤਰੀਆਂ ਨੂੰ ਸਾਲ ਵਿੱਚ ਦੋ ਵਾਰ ਰਾਸ਼ਨ ਮਿਲਦਾ ਹੈ ਅਤੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ 30 ਕਿਲੋਗ੍ਰਾਮ ਕਣਕ (ਪ੍ਰਤੀ ਮਹੀਨਾ 5 ਕਿਲੋਗ੍ਰਾਮ) ਮਿਲਦੀ ਹੈ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਸਮਾਰਟ ਕਾਰਡ ਨਾਲ ਅਯੋਗ ਲਾਭਪਾਤਰੀ ਦੀ ਪਹਿਚਾਣ ਅਸਾਨੀ ਨਾਲ ਕੀਤੀ ਜਾ ਸਕੇਗੀ, ਕਿਉਂਕਿ ਸਾਰੇ ਲਾਭਪਾਤਰੀਆਂ ਦੇ ਅਧਾਰ ਕਾਰਡਾਂ ਨੂੰ ਸਮਾਰਟ ਰਾਸ਼ਨ ਕਾਰਡ ਨਾਲ ਲਿੰਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਮੁੱਚੇ ਜ਼ਿਲੇ ਵਿੱਚ ਇਸ ਯੋਜਨਾ ਨੂੰ ਜ਼ਮੀਨੀ ਪੱਧਰ `ਤੇ ਸਫ਼ਲਤਾ ਪੂਰਵਕ ਲਾਗੂ ਕਰਨ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।
ਉਨਾਂ ਸਮਾਰਟ ਰਾਸ਼ਨ ਕਾਰਡ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਨਾ ਸਿਰਫ਼ ਲਾਭਪਾਤਰੀ ਪੂਰੇ ਪੰਜਾਬ ਵਿੱਚ ਕਿਸੇ ਵੀ ਰਾਸ਼ਨ ਡਿਪੂ ਤੋਂ ਰਾਸ਼ਨ ਲੈ ਸਕਣਗੇ ਸਗੋਂ ਉਨਾਂ ਵਲੋਂ ਸਮੇਂ-ਸਮੇਂ ਪ੍ਰਾਪਤ ਕੀਤੇ ਰਾਸ਼ਨ ਬਾਰੇ ਵੀ ਵੇਰਵੇ ਆਨਲਾਈਨ ਦਰਜ ਹੋਣਗੇ, ਜਿਸ ਨਾਲ ਸਮੁੱਚੀ ਵਿਵਸਥਾ ਵਿੱਚ ਪਾਰਦਰਸ਼ਤਾ ਆਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਿੱਲਖਣ ਕਾਰਡ ਵਿੱਚ ਇੱਕ ਇਲੈਕਟਰੋਨਿਕ ਚਿੱਪ ਹੈ, ਜਿਸ ਨੂੰ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਰਾਸ਼ਨ ਡਿਪੂ ਮਾਲਕਾਂ ਦੀਆਂ ਈ-ਪੋਜ ਮਸ਼ੀਨਾਂ ਨਾਲ ਲਿੰਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਕੁੱਲ 1.78 ਲੱਖ ਪਰਿਵਾਰ ਸਮਾਰਟ ਰਾਸ਼ਨ ਕਾਰਡ ਤਹਿਤ ਰਜਿਸਟਰਡ ਹਨ, ਜਿਨਾਂ ਦੇ ਲੱਗਭੱਗ 7 ਲੱਖ 30 ਹਜ਼ਾਰ ਵਿਅਕਤੀਆਂ ਨੂੰ ਰਾਸ਼ਨ ਮਿਲੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਜਗਤਾਰ ਸਿੰਘ ਬੁਰਜ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਕਿਮੀ ਵਨੀਤ ਕੌਰ ਸੇਠੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Spread the love