ਕੋਵਿਡ-19 ਤੋਂ ਬਚਾਅ ਲਈ ਪਟਿਆਲਾ ਜ਼ਿਲ੍ਹੇ ‘ਚ ਸਥਾਪਤ ਕੀਤੀਆਂ ਆਰਜ਼ੀ ਮੰਡੀਆਂ ਖ਼ਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ‘ਚ ਹੋਈਆਂ ਸਹਾਈ

Sorry, this news is not available in your requested language. Please see here.

ਜ਼ਿਲ੍ਹੇ ‘ਚ ਕਣਕ ਦੀ ਖ਼ਰੀਦ ਲਈ ਸਥਾਪਤ ਕੀਤੇ 424 ਖ਼ਰੀਦ ਕੇਂਦਰ : ਜ਼ਿਲ੍ਹਾ ਮੰਡੀ ਅਫ਼ਸਰ
-ਖ਼ਰਾਬ ਮੌਸਮ ਦੌਰਾਨ ਵੀ ਆਰਜ਼ੀ ਖ਼ਰੀਦ ਕੇਂਦਰਾਂ ਕਰਕੇ ਮੰਡੀਆਂ ‘ਚ ਆਈ ਫ਼ਸਲ ਦਾ ਨੁਕਸਾਨ ਹੋਣੋਂ ਬਚਿਆ
ਪਟਿਆਲਾ, 24 ਅਪ੍ਰੈਲ:
ਕੋਵਿਡ-19 ਦੇ ਵਧਦੇ ਕੇਸਾਂ ਦੌਰਾਨ 10 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਗਾਊਂ ਪ੍ਰਬੰਧਾਂ ਕੀਤੇ ਗਏ ਸਨ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ‘ਚ ਪਹਿਲਾਂ ਬਣਾਈਆਂ ਜਾਂਦੀਆਂ 110 ਮੰਡੀਆਂ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਲਈ ਮੰਡੀਆਂ ‘ਚ ਭੀੜ ਘੱਟ ਰੱਖਣ ਦੇ ਮਕਸਦ ਨਾਲ ਇਸ ਵਾਰ ਜ਼ਿਲ੍ਹੇ ‘ਚ 314 ਆਰਜ਼ੀ ਖ਼ਰੀਦ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 107 ਪੱਕੀਆਂ ਮੰਡੀਆਂ ਅਤੇ 291 ਆਰਜ਼ੀ ਖ਼ਰੀਦ ਕੇਂਦਰਾਂ ‘ਚ ਕਣਕ ਦੀ ਆਮਦ ਹੋਈ ਹੈ। ਆਰਜੀ ਮੰਡੀਆਂ ਕਰਕੇ ਵੱਡੀਆਂ ਮੰਡੀਆਂ ‘ਚ ਭੀੜ ਘੱਟ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਨੇੜਲੇ ਖ਼ਰੀਦ ਕੇਂਦਰ ਵਿਚ ਸੁੱਟਣ ਦੀ ਸਹੂਲਤ ਵੀ ਪ੍ਰਾਪਤ ਹੋਈ।
ਜ਼ਿਲ੍ਹੇ ‘ਚ ਬਣਾਏ ਗਏ ਆਰਜ਼ੀ ਖ਼ਰੀਦ ਕੇਂਦਰਾਂ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਮੰਡੀ ਅਫ਼ਸਰ ਅਜੈ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਰਜ਼ੀ ਮੰਡੀਆਂ ਸਥਾਪਤ ਕਰ ਦਿੱਤੀਆਂ ਗਈਆਂ ਸਨ, ਜਿਸ ਦਾ ਮੁੱਖ ਮਕਸਦ ਕੋਰੋਨਾ ਤੋਂ ਬਚਾਅ ਲਈ ਮੰਡੀਆਂ ‘ਚ ਭੀੜ ਘੱਟ ਰੱਖਣਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਚੱਲ ਰਹੀਆਂ 314 ਆਰਜ਼ੀ ਮੰਡੀਆਂ ਸਦਕਾ ਹੀ ਕਣਕ ਦੇ ਖ਼ਰੀਦ ਪ੍ਰਬੰਧਾਂ ਦੌਰਾਨ ਕੋਵਿਡ ਦੇ ਫੈਲਾਅ ਸਬੰਧੀ ਮੰਡੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਆਰਜ਼ੀ ਖ਼ਰੀਦ ਕੇਂਦਰਾਂ ਕਰਕੇ ਹੀ ਇਸ ਵਾਰ ਖ਼ਰਾਬ ਮੌਸਮ ਸਮੇਂ ਵੀ ਫ਼ਸਲ ਦਾ ਨੁਕਸਾਨ ਹੋਣ ਤੋਂ ਬਚਿਆ ਹੈ ਕਿਉਂਕਿ ਪੱਕੀਆਂ ਮੰਡੀਆਂ ‘ਚ ਆਮਦ ਘੱਟ ਰਹੀ ਅਤੇ ਆਰਜ਼ੀ ਮੰਡੀਆਂ ‘ਚੋਂ 240 ਦੇ ਕਰੀਬ ਮੰਡੀਆਂ ਸ਼ੈਲਰਾਂ ‘ਚ ਬਣਾਈਆਂ ਗਈਆਂ ਹਨ ਜਿਥੇ ਖਰਾਬ ਮੌਸਮ ਦੌਰਾਨ ਸਾਂਭ ਸੰਭਾਲ ਦੇ ਚੰਗੇ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਆਰਜ਼ੀ ਖਰੀਦ ਕੇਂਦਰਾਂ ‘ਚ ਆਈ ਕਣਕ ਦੀ ਖ਼ਰੀਦ ਉਥੇ ਹੀ ਕਰਕੇ ਉਥੋਂ ਹੀ ਉਸ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਹੁਣ ਤੱਕ ਸੰਭਾਵਤ ਆਮਦ ਦੀ 80 ਫ਼ੀਸਦੀ ਤੋਂ ਵਧੇਰੇ ਕਣਕ ਮੰਡੀਆਂ ‘ਚ ਪੁੱਜ ਚੁੱਕੀ ਹੈ ਅਤੇ ਆਉਣ ਵਾਲੇ ਹਫਤੇ ਦੌਰਾਨ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ।

Spread the love