”ਖੇਡਾਂ ਵਤਨ ਪੰਜਾਬ ਦੀਆਂ” ਪੰਜਾਬ ਸਰਕਾਰ ਦੀ ਸੂਬੇ ਨੂੰ ਵਡਮੁੱਲੀ ਦੇਣ: ਵਿਧਾਇਕ ਚਰਨਜੀਤ ਸਿੰਘ

Sorry, this news is not available in your requested language. Please see here.

“ਖੇਡਾਂ ਵਤਨ ਪੰਜਾਬ ਦੀਆਂ” ਪੰਜਾਬ ਸਰਕਾਰ ਦੀ ਸੂਬੇ ਨੂੰ ਵਡਮੁੱਲੀ ਦੇਣ: ਵਿਧਾਇਕ ਚਰਨਜੀਤ ਸਿੰਘ

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਨੇ ਆਰਮੀ ਗਰਾਊਂਡ ਮੋਰਿੰਡਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਕਰਵਾਈ ਸ਼ੁਰੂਆਤ

ਮੋਰਿੰਡਾ, 01 ਸਤੰਬਰ

ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ”   ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਸੂਬੇ ਲਈ ਇਕ ਵਡਮੁੱਲੀ ਦੇਣ ਹਨ। ਇਹਨਾਂ ਖੇਡਾਂ ਤਹਿਤ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਖੇਡਾਂ ਦੀ ਸ਼ਰੂਆਤ ਹੋਈ ਹੈ ਤੇ ਇਹ ਖੇਡਾਂ ਪੰਜਾਬ ਦਾ ਭਵਿੱਖ ਸੁਨਹਿਰੀ ਬਨਾਉਣ ਵਿੱਚ ਅਹਿਮ ਯੋਗਦਾਨ ਪਾਉਣਗੀਆਂ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਸ. ਚਰਨਜੀਤ ਸਿੰਘ ਨੇ ਮੋਰਿੰਡਾ ਦੇ ਆਰਮੀ ਗਰਾਊਂਡ ਵਿਖੇ ਬਲਾਕ ਪੱਧਰੀ ਖੇਡਾਂ ਦੀ ਰਸਮੀ ਸ਼ੁਰੂਆਤ ਕਰਵਾਉਂਦਿਆਂ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਕਦੇ ਖੇਡਾਂ ਲਈ ਜਾਣਿਆ ਜਾਂਦਾ ਸੀ। ਪੰਜਾਬ ਵਿੱਚੋਂ ਹਾਕੀ ਦੇ ਵੱਡੇ ਖਿਡਾਰੀ ਪੈਦਾ ਹੋਏ ਪਰ ਪਿਛਲੇ 15-20 ਸਾਲ ਤੋਂ ਪੰਜਾਬ ਨਸ਼ਿਆਂ ਲਈ  ਜਾਣਿਆ ਜਾਣ ਲੱਗ ਪਿਆ ਸੀ ਤੇ ਪਿਛਲੀਆਂ ਸਰਕਾਰਾਂ ਨਸ਼ਿਆਂ ਨੂੰ ਰੋਕਣ ਵਿਚ ਅਸਫ਼ਲ ਰਹੀਆਂ।

ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਇਹਨਾਂ ਖੇਡਾਂ ਦੇ ਰੂਪ ਵਿਚ ਪੰਜਾਬ ਲਈ ਨਵਾਂ ਸੂਰਜ ਚੜ੍ਹਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਬਦਲਣ ਆਈ ਹੈ ਤੇ ਇਸ ਦਿਸ਼ਾ ਵਿਚ ਪੁਰਜ਼ੋਰ ਯਤਨ ਜਾਰੀ ਹਨ। ਸਰਕਾਰ ਵੱਲੋਂ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ ਤੇ “ਖੇਡਾਂ ਵਤਨ ਪੰਜਾਬ ਦੀਆਂ” ਵਿੱਚੋਂ ਸੂਬੇ ਦਾ ਸੁਨਹਿਰੀ ਭਵਿੱਖ ਦਿਸ ਰਿਹਾ ਹੈ। ਇਹਨਾਂ ਖੇਡਾਂ ਸਦਕਾ ਸੂਬੇ ਵਿਚ ਖੇਡ ਸੱਭਿਆਚਾਰ ਪੈਦਾ ਹੋਵੇਗਾ ਤੇ ਪੰਜਾਬ ਤਰੱਕੀ ਕਰੇਗਾ।

ਸ. ਚਰਨਜੀਤ ਸਿੰਘ ਨੇ ਕਿਹਾ ਕਿ ਖਿਡਾਰੀਆਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਖੇਡਾਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਅਤੇ ਆਪਸੀ ਭਾਈਚਾਰਾ ਮਜ਼ਬੂਤ ਕਰਦੀਆਂ ਹਨ ਤੇ ਅਲਾਹਮਤਾਂ ਵੀ ਦੂਰ ਕਰ ਦਿੰਦੀਆਂ ਹਨ। ਉਹਨਾਂ ਕਿਹਾ ਕਿ ਸਾਰੇ ਖਿਡਾਰੀ ਖੇਡਾਂ ਦੀ ਭਾਵਨਾ ਨਾਲ ਖੇਡਣ।ਉਹਨਾਂ ਨੇ ਸਾਰਿਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੌਂਸਲਾ ਅਫ਼ਜ਼ਾਈ ਕੀਤੀ। ਆਪਣੇ ਵਲੋਂ ਨਿੱਜੀ ਤੌਰ ਉੱਤੇ ਮਾਲੀ ਸਹਿਯੋਗ ਵੀ ਦਿੱਤਾ।

ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਅਥਲੈਟਿਕ ਈਵੈਂਟ ਦੀ ਸ਼ੁਰੂਆਤ ਕਾਰਵਾਈ ਤੇ ਨਾਲੇ ਜੇਤੂਆਂ ਨੂੰ ਮੈਡਲ ਦਿੱਤੇ। ਇਸ ਮੌਕੇ ਐੱਸ. ਡੀ. ਐੱਮ. ਮੋਰਿੰਡਾ ਸ. ਅਮਰੀਕ ਸਿੰਘ ਸਿੱਧੂ, ਤਹਿਸੀਲਦਾਰ ਸ. ਗੁਰਮੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਅਧਿਆਪਕ, ਵਿਦਿਆਰਥੀ ਤੇ ਖਿਡਾਰੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ 01 ਸਤੰਬਰ ਤੋਂ 07 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਹੋਣੇ ਹਨ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ।

ਇਸ ਮੇਲੇ ਤਹਿਤ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤੋਂ ਲੈ ਕੇ 40 ਸਾਲ ਓਪਨ ਗਰੁੱਪ, 41 ਤੋਂ ਲੈ ਕੇ 50 ਸਾਲ ਤੱਕ ਓਪਨ ਗਰੁੱਪ ਅਤੇ 50 ਸਾਲ ਤੋਂ ਉੱਪਰ ਦੇ ਖਿਡਾਰੀ  ਓਪਨ ਗਰੁੱਪ, ਸ਼ਾਮਲ ਹਨ।

ਬਲਾਕ ਪੱਧਰੀ ਖੇਡਾਂ ਵਿਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ- ਖੋ ਅਤੇ ਰੱਸਾ ਕਸ਼ੀ ਸ਼ਾਮਲ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਿਟਬਾਲ, ਪਾਵਰ ਲਿਫਟਿੰਗ, ਲਾਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹਾ ਪੱਧਰ ਵਾਲੀਆਂ ਖੇਡਾਂ ਸਮੇਤ ਕਿਕ ਬਾਕਸਿੰਗ, ਤੀਰ ਅੰਦਾਜ਼ੀ, ਸ਼ੂਟਿੰਗ, ਸ਼ਤਰੰਜ, ਰੋਇੰਗ, ਜਿਮਨਾਸਟਿਕਸ, ਫੈਂਸਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ।

ਪਹਿਲਾਂ ਇਹਨਾਂ ਖੇਡਾਂ ਵਿਚ ਰਜਿਸਟ੍ਰੇਸ਼ਨ 30 ਅਗਸਤ ਤੱਕ ਸੀ। ਹੁਣ ਸਿਰਫ ਬਲਾਕ ਪੱਧਰ ਦੀਆਂ ਛੇ ਖੇਡਾਂ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋ ਖੋ ਤੇ ਰੱਸਾਕਸ਼ੀ ਨੂੰ ਛੱਡ ਕੇ ਬਾਕੀ  ਖੇਡਾਂ ਦੇ ਜ਼ਿਲ੍ਹੇ ਤੇ ਸੂਬਾ ਪੱਧਰ ਦੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਦੀ ਤਰੀਕ 8 ਸਤੰਬਰ ਤੱਕ ਵਧਾਈ ਗਈ ਹੈ।

Spread the love