ਨਵਾਂਸ਼ਹਿਰ, 5 ਜੁਲਾਈ 2021
ਜ਼ਿਲੇ ਵਿਚ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਦੀਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਬੰਗਾ ਵੱਲੋਂ ਆਤਮਾ ਸਕੀਮ ਅਧੀਨ ਡਾ. ਬਲਦੇਵ ਸਿੰਘ ਬੀਕਾ ਦੇ ਕੁਟੀਆ ਕੁਦਰਤੀ ਖੇਤੀ ਫਾਰਮ, ਪਿੰਡ ਬੀਕਾ ਵਿਖੇ ਆਰਗੈਨਿਕ ਫਾਰਮ ਸਕੂਲ ਦੀ ਕਲਾਸ ਲਗਾਈ ਗਈ। ਇਸ ਫਾਰਮ ਸਕੂਲ ਵਿਚ ਬਲਾਕ ਖੇਤੀਬਾੜੀ ਅਫ਼ਸਰ ਡਾ. ਦਰਸ਼ਨ ਲਾਲ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਜਿੰਦਰ ਪਾਲ ਅਤੇ ਪ੍ਰਾਜੈਕਟ ਡਾਇਰੈਕਟਰ (ਆਤਮਾ) ਡਾ. ਕਮਲਦੀਪ ਸਿੰਘ ਸੰਘਾ ਨੇ ਜੈਵਿਕ ਖੇਤੀ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ, ਚੰਡੀਗੜ ਦੇ ਜ਼ਿਲਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਅਦਾਰੇ ਵੱਲੋਂ ਕਿਸਾਨਾਂ ਦੇ ਆਰਗੈਨਿਕ ਖੇਤਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਇਸ ਲਈ ਕਿਸਾਨਾਂ ਦੁਆਰਾ ਆਪਣੇ ਜੈਵਿਕ ਉਤਪਾਦਾਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਈ ਜਾਵੇ, ਤਾਂ ਜੋ ਬਾਜ਼ਾਰ ਵਿਚ ਵਧੀਆ ਮੁੱਲ ਪ੍ਰਾਪਤ ਕੀਤਾ ਜਾ ਸਕੇ। ਫਾਰਮ ਸਕੂਲ ਦੇ ਅੰਤ ਵਿਚ ਡਾ. ਬਲਦੇਵ ਸਿੰਘ ਬੀਕਾ ਵੱਲੋਂ ਕਿਸਾਨਾਂ ਨੂੰ ਆਪਣੇ ਆਰਗੈਨਿਕ ਫਾਰਮ ਦੀ ਵਿਜ਼ਿਟ ਕਰਵਾਈ ਗਈ ਅਤੇ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਅਗਾਂਹਵਧੂ ਆਰਗੈਨਿਕ ਕਿਸਾਨ ਬੀਬਾ ਚਰਨਜੀਤ ਕੌਰ ਅਤੇ ਸੁਰਜੀਤ ਸਿੰਘ ਰਾਏ ਨੇ ਵੀ ਕਿਸਾਨਾਂ ਨਾਲ ਆਪਦੇ ਆਰਗੈਨਿਕ ਖੇਤੀ ਸਬੰਧੀ ਤਜਰਬੇ ਸਾਂਝੇ ਕੀਤੇ। ਇਸ ਮੌਕੇ ਡੀ. ਪੀ. ਡੀ (ਆਤਮਾ) ਡਾ. ਨੀਨਾ ਕੰਵਰ ਅਤੇ ਡਾ. ਪਰਮਵੀਰ ਕੌਰ, ਏ. ਟੀ. ਐਮ ਸੰਦੀਪ ਕੁਮਾਰ ਅਤੇ ਅਗਾਂਹਵਧੂ ਕਿਸਾਨ ਮਲਕੀਤ ਸਿੰਘ, ਜਗਤਾਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।