– ਵੈਬ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਦਿੱਤੀ ਜਾਵੇਗੀ ਜਾਣਕਾਰੀ : ਡਾ. ਗਰੇਵਾਲ
ਪਟਿਆਲਾ, 18 ਮਈ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਵਰਚੂਅਲ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਜ਼ਮੀਨੀ ਪਾਣੀ ਦੇ ਡਿਗਦੇ ਪੱਧਰ ਸਬੰਧੀ ਜਾਗਰੂਕ ਕਰਨ ਲਈ ਬਲਾਕ ਖੇਤੀਬਾੜੀ ਅਫ਼ਸਰਾਂ ਵੱਲੋਂ ਕਿਸਾਨਾਂ ਨਾਲ ਵੈਬ ਮੀਟਿੰਗਾਂ ਕੀਤੀਆਂ ਜਾ ਰਹੀ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵੈਬ ਮੀਟਿੰਗਾਂ ਦੀ ਸ਼ੁਰੂਆਤ ਅੱਜ ਬਲਾਕ ਨਾਭਾ ਤੋਂ ਕੀਤੀ ਗਈ ਹੈ ਅਤੇ 19 ਮਈ ਨੂੰ ਸਮਾਣਾ, ਘਨੌਰ, ਭੁਨਰਹੇੜੀ, ਰਾਜਪੁਰਾ ਅਤੇ ਪਟਿਆਲਾ ਵਿਖੇ ਕਿਸਾਨਾਂ ਨੂੰ ਵੈਬੀਨਾਰ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਜ਼ਿਲ੍ਹੇ ਦੇ ਕਿਸਾਨ ਇਹ ਤਕਨੀਕ ਅਪਣਾਕੇ ਵੱਧ ਤੋਂ ਵੱਧ ਲਾਭ ਲੈ ਸਕਣ।
ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦੇ ਪੰਜਾਬ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਇਕੱਠ ਕਰਨ ‘ਤੇ ਪਾਬੰਦੀ ਹੋਣ ਕਾਰਨ ਕਿਸਾਨਾਂ ਨੂੰ ਵੈਬੀਨਾਰ ਮੀਟਿੰਗਾਂ ਗੂਗਲ ਮੀਟ/ਵੈਬਕਸ ਟੂਲਜ਼ ਰਾਹੀਂ ਤਕਨੀਕੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤੋਂ ਹੋਣ ਵਾਲੇ ਫ਼ਾਇਦਿਆਂ ਸਬੰਧੀ ਜਿਵੇਂ ਕਿ ਪਾਣੀ ਦੀ ਜ਼ਿਆਦਾ ਬੱਚਤ, ਨਦੀਨਾਂ ਦੀ ਘੱਟ ਸਮੱਸਿਆ, ਜੜ੍ਹਾਂ ਡੂੰਘੀਆਂ ਜਾਣ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਦੀ ਘੱਟ ਸਮੱਸਿਆ ਅਤੇ ਜ਼ਿਆਦਾ ਝਾੜ ਜਿਹੇ ਫ਼ਾਇਦਿਆਂ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
ਇਸ ਤੋ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋ ਭਾਰੀਆਂ ਜ਼ਮੀਨਾਂ ਵਿੱਚ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀਂ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਬਿਜਾਈ ਲਈ ਜੂਨ ਦਾ ਪਹਿਲਾ ਪੰਦਰਵਾੜਾ ਲਾਹੇਵੰਦ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਪੀ.ਆਰ ਅਤੇ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਡਾ. ਗਰੇਵਾਲ ਨੇ ਦੱਸਿਆ ਮੀਟਿੰਗਾਂ ਦੌਰਾਨ ਕਿਸਾਨਾਂ ਨੂੰ ਇੱਕ ਏਕੜ ਲਈ 8-10 ਕਿਲੋ ਬੀਜ ਨੂੰ 8 ਤੋਂ 12 ਘੰਟਿਆਂ ਲਈ ਪਾਣੀ ਵਿੱਚ ਭਿਉਕੇ, ਛਾਵੇਂ ਸੁਕਾ ਕੇ 3 ਗ੍ਰਾਮ ਪਤੀ ਕਿਲੋ ਸਪਰਿੰਟ 75 ਡਬਲਯੂ.ਐਸ ਨਾਲ ਸੋਧ ਕੇ ਬੀਜ ਨੂੰ ਛਾਵੇਂ 1-2 ਘੰਟੇ ਸੁਕਾ ਕੇ ਝੋਨੇ ਬੀਜਣ ਵਾਲੀ ਡਰਿਲ ਨਾਲ ਸਵਾ ਤੋ ਡੇਢ ਇੰਚ ਡੂੰਘਾਈ ਤੇ ਬਿਜਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ ਲਗਭਗ 25300 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਇਸ ਸਾਲ ਵੀ ਖੇਤੀਬਾੜੀ ਵਿਭਾਗ, ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ ਅਤੇ ਇਸ ਸਾਲ ਜਿਲ੍ਹੇ ਵਿੱਚ ਲਗਭਗ 62500 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਹੋਣ ਦੀ ਉਮੀਦ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਵਾਸਤੇ ਅਤੇ ਝੋਨੇ ਵਿੱਚ ਬੇਲੋੜੇ ਖੇਤੀ ਖਰਚੇ ਘਟਾਉਣ ਹਿਤ ਵੱਧ ਤੋ ਵੱਧ ਬਿਜਾਈ ਸਿੱਧੀ ਤਕਨੀਕ ਨਾਲ ਕੀਤੀ ਜਾਵੇ।