ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਸੰਜਮ ਨਾਲ ਪਾਣੀ ਦੀ ਵਰਤੋਂ ਕਰਨ ਕਿਸਾਨ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ ਵਧਿਆ, ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ
ਬਰਨਾਲਾ, 8 ਜੁਲਾਈ 2021
ਵਾਤਾਵਰਣ ਤਬਦੀਲੀਆਂ ਅਤੇ ਪਾਣੀ ਦੇ ਗਹਿਰੇ ਸੰਕਟ ਦੇ ਮੱਦੇਨਜ਼ਰ ਕਿਸਾਨ ਫਸਲਾਂ ਲਈ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਪਾਣੀ ਦੀ ਵਰਤੋਂ ਕਰਨ ਅਤੇ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਅਤੇ ਤਕਨੀਕਾਂ ਵੱਲ ਰੁਖ ਕਰਨ।
ਜ਼ਿਲੇ ਦੇ ਕਿਸਾਨਾਂ ਨੂੰ ਇਹ ਅਪੀਲ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਪਾਣੀ, ਲੇਬਰ ਅਤੇ ਸਮੇਂ ਦੀ ਬੱਚਤ ਦੇ ਪੱਖ ਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਗਿਆ, ਜਿਸ ਦੇ ਸਾਰਥਕ ਸਿੱਟੇ ਮਿਲੇ ਹਨ। ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਅਧੀਨ ਪਿਛਲੇ ਸਾਲ ਨਾਲੋਂ ਰਕਬਾ ਵਧਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ 12 ਹਜ਼ਾਰ ਹੈਕਟੇਅਰ ਸੀ, ਜਦੋਂਕਿ ਇਸ ਵਾਰ ਲਗਭਗ 20 ਹਜ਼ਾਰ ਹੈਕਟੇਅਰ ਹੈ। ਇਸ ਤੋਂ ਇਲਾਵਾ ਨਰਮੇ ਅਧੀਨ ਰਕਬਾ 1600 ਹੈਕਟੇਅਰ ਅਤੇ ਮੱਕੀ ਅਧੀਨ ਕਰੀਬ ਇਕ ਹਜ਼ਾਰ ਹੈਕਟੇਅਰ ਹੈ। ਉਨਾਂ ਨਵੀਆਂ ਤਕਨੀਕਾਂ ਅਤੇ ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਕਿਹਾ ਕਿ ਮਾਹਿਰਾਂ ਅਨੁਸਾਰ ਪਿਛਲੇ 50 ਸਾਲਾਂ ਦੇ ਮੀਂਹ ਦੇ ਅੰਕੜਿਆਂ ਮੁਤਾਬਕ ਜੂਨ ਮਹੀਨੇ ਵਿੱਚ ਹੋਣ ਵਾਲੀ 45% ਬਰਸਾਤ ਜੂਨ ਦੇ ਚੌਥੇ ਹਫ਼ਤੇ ਵਿੱਚ ਹੁੰਦੀ ਹੈ। ਬਦਲਦੀਆਂ ਜਲਵਾਯੂ ਸਥਿਤੀਆਂ ਅਨੁਸਾਰ ਸਮੇਂ ਅਤੇ ਮਾਤਰਾ ਵਿੱਚ ਤਬਦੀਲੀ ਆਈ ਹੈ। ਇਸ ਕਾਰਨ ਇਸ ਵਾਰ ਮੌਸਮ ਖੁਸ਼ਕ ਰਹਿਣ ਕਾਰਨ ਝੋਨੇ ਦੀ ਫਸਲ ਪਾਲਣ ’ਚ ਮੁਸ਼ਕਲਾਂ ਆ ਰਹੀਆਂ ਹਨ, ਪਰ ਆਉਦੇ ਦਿਨੀਂ ਮੀਂਹ ਪੈਣ ਦੇ ਆਸਾਰ ਹਨ।
ਉਨਾਂ ਕਿਹਾ ਕਿ ਮਾਹਿਰਾਂ ਅਨੁਸਾਰ ਜਿਹੜੇ ਝੋਨੇ ਨੂੰ ਲਾਇਆਂ ਦੋ ਹਫ਼ਤੇ ਹੋ ਗਏ ਹੋਣ, ਉਥੇ ਖੇਤਾਂ ਵਿੱਚ ਪਾਣੀ ਖੜਾ ਰੱਖਣ ਦੀ ਲੋੜ ਨਹੀਂ। ਉਨਾਂ ਇਹ ਵੀ ਕਿਹਾ ਕਿ ਅਜਿਹੇ ਝੋਨੇ ਨੂੰ ਦੋ ਦਿਨਾਂ ਬਾਅਦ ਪਾਣੀ ਦਿੱਤਾ ਜਾ ਸਕਦਾ ਹੈ। ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਅਤੇ ਕੀੜਿਆਂ ਦਾ ਹਮਲਾ ਵੀ ਘਟੇਗਾ।
ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬੱਚਤ ਪੱਖੋਂ ਅਹਿਮ: ਡਾ. ਕੈਂਥ
ਡਾ. ਕੈੈਂਥ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਲੋੜ ਨਹੀਂ। ਸਿੱੱਧੀ ਬਿਜਾਈ ਵਾਲੇ ਖੇਤਾਂ ਵਿਚ ਪਹਿਲੀ ਸਿੰਜਾਈ ਲੇਟ ਕਰਨ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘਟ ਜਾਂਦੀ ਹੈ। ਇਸ ਤੋਂ ਇਲਾਵਾ ਪਾਣੀ ਲੇਟ ਹੋਣ ਨਾਲ ਜ਼ਮੀਨ ਵਿਚ ਪਏ ਤੱਤ ਥੱਲੇ ਨਹੀਂ ਸਰਕਦੇ ਤੇ ਜੜਾਂ ਡੂੰਘੀਆਂ ਜਾਣ ਕਰਕੇ ਖੁਰਾਕੀ ਤੱਤਾਂ ਦੀ ਘਾਟ ਜ਼ਿਆਦਾ ਨਹੀਂ ਆਉਦੀ। ਪਹਿਲੇ ਪਾਣੀ ਤੋਂ ਬਾਅਦ ਜ਼ਮੀਨ ਦੀ ਕਿਸਮ ਅਤੇ ਬਾਰਸ਼ ਦੇ ਹਿਸਾਬ ਨਾਲ 5-7 ਦਿਨਾਂ ਦੇ ਵਕਫੇ ’ਤੇ ਹੀ ਪਾਣੀ ਲਾਇਆ ਜਾਵੇ। ਆਖਰੀ ਪਾਣੀ ਕਟਾਈ ਤੋਂ 10 ਦਿਨ ਪਹਿਲਾਂ ਲਾਓ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿਚ ਕੱਦੂ ਕਰਕੇ ਲਾਏ ਝੋਨੇ ਨਾਲੋਂ ਲਗਭਗ 20 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ।

Spread the love