ਜ਼ਿਲ੍ਹਾ ਪਟਿਆਲਾ ‘ਚ ਨਵਨਿਯੁਕਤ ਹੈੱਡ ਟੀਚਰਜ਼ ਦੀ ਦੋ ਦਿਨਾਂ ਸਿਖਲਾਈ ਵਰਕਸ਼ਾਪ ਅੱਜ ਤੋਂ

Sorry, this news is not available in your requested language. Please see here.

ਪਟਿਆਲਾ 30 ਮਈ 2021
ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਨ ਨੂੰ ਹੋਰ-ਵਧੇਰੇ ਚੁਸਤ-ਦਰੁਸਤ ਬਣਾਉਣ ਹਿਤ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਪਟਿਆਲਾ ਜ਼ਿਲ੍ਹੇ ‘ਚ 14 ਹੈੱਡ ਟੀਚਰਜ਼ ਨਿਯੁਕਤ ਕੀਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਉਕਤ ਨਵਨਿਯੁਕਤ ਹੈੱਡ ਟੀਚਰਜ਼ ਨੂੰ ਪ੍ਰਬੰਧਕੀ ਸਿਖਲਾਈ ਦੇਣ ਲਈ ਦੋ ਦਿਨਾਂ ਵਰਕਸ਼ਾਪ ਭਲਕੇ 31 ਮਈ ਤੇ 1 ਜੂਨ ਨੂੰ ਲਗਾਈ ਜਾ ਰਹੀ ਹੈ।
ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜ. ਅਮਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਵਨਿਯੁਕਤ ਕੀਤੇ ਗਏ ਸਕੂਲ ਮੁਖੀਆਂ ਨੂੰ ਵਰਕਸ਼ਾਪ ਕੋਆਰਡੀਨੇਟਰ ਡਾ. ਨਰਿੰਦਰ ਸਿੰਘ ਦੀ ਦੇਖ-ਰੇਖ ‘ਚ ਸਰਵ ਸਿੱਖਿਆ ਅਭਿਆਨ ਦਫ਼ਤਰ ਪਟਿਆਲਾ ਵਿਖੇ ਵੱਖ-ਵੱਖ ਮਾਹਿਰ ਵਿਭਾਗ ਦੇ ਪ੍ਰੋਜੈਕਟਾਂ ਤੇ ਸਰਗਰਮੀਆਂ ਬਾਰੇ ਸਿਖਲਾਈ ਦੇਣਗੇ। ਡੀ.ਈ.ਓ. (ਐਲੀ.ਸਿੱ.) ਨੇ ਦੱਸਿਆ ਕਿ ਇਸ ਪਹਿਲੇ ਦਿਨ ਸਮੱਗਰਾ ਸਿੱਖਿਆ ਦੀਆਂ ਵਿੱਤ ਸਬੰਧੀ ਜ਼ਿੰਮੇਵਾਰੀਆਂ ਤਹਿਤ ਕੈਸ਼-ਬੁੱਕ, ਵਾਊਚਰ ਫਾਈਲਜ਼, ਸਟਾਕ ਰਜਿਸਟਰ ਤੇ ਫੰਡਾ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੋਵਿਡ-19 ਤੋਂ ਬਾਅਦ ਸਕੂਲਾਂ ਦੇ ਆਮ ਵਾਂਗ ਖੁੱਲਣ ‘ਤੇ ਮਿਡ ਡੇ ਮੀਲ ਦਾ ਰਿਕਾਰਡ ਤਿਆਰ ਕਰਨ ਤੇ ਮਿਡ ਡੇ ਮੀਲ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਦੂਸਰੇ ਦਿਨ ਵਿਭਾਗ ਦੇ ਐਮ.ਆਈ.ਐਸ. ਵਿੰਗ ਨਾਲ ਸਬੰਧਤ ਗਤੀਵਿਧੀਆਂ ਈ-ਪੰਜਾਬ ਵੈਬਸਾਈਟ, ਸਟਾਫ਼ ਤੇ ਵਿਦਿਆਰਥੀਆਂ ਦਾ ਡਾਟਾ ਆਨਲਾਈਨ ਕਰਨ, ਈ-ਸਰਟੀਫਿਕੇਟ, ਵਿਭਾਗ ਦੇ ਵੱਖ-ਵੱਖ ਐਪਸ ਦੀ ਵਰਤੋਂ ਸਬੰਧੀ ਸਿਖਲਾਈ ਦਿੱਤੀ ਜਾਵੇਗੀ।
ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਪ੍ਰੋਜੈਕਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਜਾਣਕਾਰੀ ਦੇਣਗੇ। ਸਮਾਰਟ ਸਕੂਲ ਮੁਹਿੰਮ ਸਬੰਧੀ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਕੌਲੀ ਤੇ ਜਗਜੀਤ ਸਿੰਘ ਵਾਲੀਆ ਵਿਸਥਾਰ ‘ਚ ਚਾਨਣਾ ਪਾਉਣਗੇ। ਇਸ ਵਰਕਸ਼ਾਪ ਦੌਰਾਨ ਨਵਨਿਯੁਕਤ ਹੈੱਡਟੀਚਰਜ਼ ਨੂੰ ਵੀ ਸਮੇਂ-ਸਮੇਂ ਸਿਰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜਾਵੇਗਾ।

Spread the love