ਰੂਪਨਗਰ 11 ਸਤੰਬਰ 2021
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ।ਵਿਭਾਗੀ ਹਦਾਇਤਾਂ ਅਨੁਸਾਰ ਇਹ ਪ੍ਰੀਖਿਆ ਆਫਲਾਈਨ ਤਰੀਕੇ ਸਕੂਲਾਂ ਵਿੱਚ ਕਰਵਾਈ ਜਾਵੇਗੀ।
ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਲਈ ਤਿਆਰ ਕਰਨ ਹਿੱੱਤ ਕਰਵਾਈ ਜਾ ਰਹੀ ਇਹ ਪ੍ਰੀਖਿਆ ਸ਼ਿਫਟਾਂ ਵਿੱਚ ਹੋਵੇਗੀ।ਅੱਠਵੀਂ,ਦਸਵੀਂ ਅਤੇ ਬਾਰਵੀਂ ਜਮਾਤਾਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਸ਼ੁਰੂ ਹੋਵੇਗੀ ਜਦਕਿ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।ਸਾਰੀਆਂ ਜਮਾਤਾਂ ਲਈ ਪ੍ਰਸ਼ਨ ਪੱਤਰ ਅਪ੍ਰੈਲ ਤੋਂ ਅਗਸਤ ਮਹੀਨੇ ਦੇ ਪਾਠਕ੍ਰਮ ਵਿੱਚੋਂ ਆਵੇਗਾ।ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ ਵਿੱਚੋਂ 25 ਫੀਸਦੀ ਅਤੇ ਜੁਲਾਈ ਤੋਂ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ 75 ਫੀਸਦੀ ਪ੍ਰਸ਼ਨ ਪੁੱਛੇ ਜਾਣਗੇ।ਵਿਭਾਗ ਵੱਲੋਂ ਜਾਰੀ ਡੇਟਸ਼ੀਟ ਵਿੱਚ ਸ਼ਾਮਿਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਾਫਟ ਕਾਪੀ ਦੇ ਰੂਪ ਵਿੱਚ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ ਜਦਕਿ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲਾਂ ਵੱਲੋਂ ਆਪਣੇ ਪੱਧਰ ‘ਤੇ ਤਿਆਰ ਕੀਤੇ ਜਾਣਗੇ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ ਬਹੁ-ਵਿਕਲਪ ਆਧਾਰਿਤ ਹੋਣਗੇ।ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਜਿਹੜੇ ਵਿਸ਼ਿਆਂ ਦਾ ਨੈਸ਼ਨਲ ਅਚੀਵਮੈਂਟ ਸਰਵੇਖਣ ਹੋਣਾ ਹੈ ਉਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ ਨੈਸ਼ਨਲ ਅਚੀਵਮੈਂਟ ਸਰਵੇਖਣ ਆਧਾਰਿਤ ਹੋਵੇਗਾ।ਇਹਨਾਂ ਵਿਸ਼ਿਆਂ ਦੇ ਮੁਲਾਂਕਣ ਲਈ ਬਹੁ-ਵਿਕਲਪ ਸ਼ੀਟ ਮੁੱਖ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰੀਖਿਆ ਦੀ ਡੇਟਸ਼ੀਟ ਤੋਂ ਜਾਣੂ ਕਰਵਾਇਆ ਗਿਆ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ ਦੌਰਾਨ ਕੋਵਿਡ ਤੋਂ ਬਚਾਅ ਸਾਵਧਾਨੀਆਂ ਦੀ ਪਾਲਣਾ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕਰਨ ਦੇ ਨਾਲ ਨਾਲ ਮਾਪਿਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਚਰਨਜੀਤ ਸਿੰਘ ਸੋਢੀ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ 13 ਸਤੰਬਰ ਤੋਂ ਹੋਣ ਵਾਲੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ।ਪ੍ਰਸ਼ਨ ਪੱਤਰ ‘ਚ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ 20-20 ਬਹੁ-ਵਿਕਲਪੀ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ ਜਦਕਿ ਸਵਾਗਤ ਜਿੰਦਗੀ ਅਤੇ ਆਮ ਗਿਆਨ ਪ੍ਰੀਖਿਆ ਲਈ 10 ਬਹੁ-ਵਿਕਲਪੀ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ।ਹਰ ਪ੍ਰਸ਼ਨ ਦੋ ਅੰਕਾਂ ਦਾ ਹੋਵੇਗਾ।ਤੀਜੀ ਜਮਾਤ ਦੀ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਵੇਗੀ, ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਜਦਕਿ ਚੌਥੀ ਜਮਾਤ ਦੀ ਪ੍ਰੀਖਿਆ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
Home Punjab Roop Nagar ਜਿਲਾ ਰੂਪਨਗਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਤੋਂਂ-ਜਿਲ੍ਹਾ...