ਟੀਮ ਨੇ ਛਾਪੇਮਾਰੀ ਦੌਰਾਨ ਭੀਖ ਮੰਗਣ ਵਾਲੇ 8 ਬੱਚੇ ਕੀਤੇ ਕਾਬੂ

Sorry, this news is not available in your requested language. Please see here.

6 ਬੱਚੇ ਚਿਤਾਵਨੀ ਦੇ ਕੇ ਕੀਤੇ ਮਾਪਿਆਂ ਹਵਾਲੇ, 2 ਨੂੰ ਦਿੱਤਾ ਸ਼ੈਲਟਰ
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਬਾਲ ਭਿੱਖਿਆ ਖਿਲਾਫ਼ ਕਾਰਵਾਈ
ਨਵਾਂਸ਼ਹਿਰ, 9 ਜੂਨ 2021
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਦੀ ਅਗਵਾਈ ਹੇਠਲੀ ਟੀਮ ਨੇ ਬਾਲ ਭਿੱਖਿਆ ਖਿਲਾਫ਼ ਕਾਰਵਾਈ ਕਰਦਿਆਂ ਨਵਾਂਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਭੀਖ ਮੰਗਣ ਵਾਲੇ 8 ਬੱਚਿਆਂ ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਇਸ ਦੀ ਰਿਪੋਰਟ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਅਤੇ ਬਾਲ ਭਲਾਈ ਕਮੇਟੀ ਦੇ ਧਿਆਨ ਵਿਚ ਲਿਆਂਦੀ। ਬਾਲ ਭਲਾਈ ਕਮੇਟੀ ਦੇ ਡਾ. ਗੁਰਮੀਤ ਸਿੰਘ ਸਰਾਂ, ਮੈਡਮ ਲਾਲੀ ਸੈਣੀ ਅਤੇ ਲੀਗਲ ਪ੍ਰੋਵੈਨਸ਼ਨ ਅਫ਼ਸਰ ਮੈਡਮ ਅਮਨਦੀਪ ਕੌਰ ਨੇ ਇਸ ਸਬੰਧੀ ਕਾਰਵਾਈ ਕਰਦਿਆਂ 6 ਬੱਚਿਆਂ ਨੂੰ ਉਨਾਂ ਦੇ ਮਾਪਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ ਅਤੇ ਇਹ ਬੱਚੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਸੀ. ਜੇ. ਐਮ ਹਰਪ੍ਰੀਤ ਕੌਰ ਕੌਰ ਦੀ ਹਾਜ਼ਰੀ ਵਿਚ ਉਨਾਂ ਦੇ ਮਾਪਿਆਂ ਨੂੰ ਸੌਂਪੇ ਗਏ। ਇਨਾਂ ਦੇ ਮਾਪਿਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿਚ ਉਹ ਆਪਣੇ ਬੱਚਿਆਂ ਤੋਂ ਭੀਖ ਨਹੀਂ ਮੰਗਵਾਉਣਗੇ। ਇਸ ਮੁਹਿੰਮ ਤਹਿਤ ਫੜੇ ਗਏ ਬਾਕੀ ਦੋ ਬੱਚਿਆਂ ਸਬੰਧੀ ਉਨਾਂ ਦੇ ਰਿਸ਼ਤੇਦਾਰ ਕੋਈ ਕਾਗਜ਼ਾਤ, ਸਬੂਤ ਜਾਂ ਆਧਾਰ ਕਾਰਡ ਆਦਿ ਨਹੀਂ ਦਿਖਾ ਸਕੇ, ਜਿਸ ਕਾਰਨ ਉਨਾਂ ਨੂੰ ‘ਸਖੀ ਵੱਨ ਸਟਾਪ ਸੈਂਟਰ’ ਨਵਾਂਸ਼ਹਿਰ ਵਿਖੇ ਸ਼ੈਲਟਰ ਦਿੱਤਾ ਗਿਆ।
ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ ਜਦੋਂ ਉਨਾਂ ਦੇ ਰਿਸ਼ਤੇਦਾਰ ਬੱਚਿਆਂ ਦੇ ਸਬੂਤ ਪੇਸ਼ ਕਰ ਦੇਣਗੇ, ਤਾਂ ਇਨਾਂ ਬੱਚਿਆਂ ਨੂੰ ਵੀ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਐਸ. ਐਚ. ਓ ਥਾਣਾ ਸਿਟੀ ਨਵਾਂਸ਼ਹਿਰ ਬਖਸ਼ੀਸ਼ ਸਿੰਘ, ਲੇਬਰ ਐਨਫੋਰਸਮੈਂਟ ਅਫ਼ਸਰ ਰਣਦੀਪ ਸਿੰਘ ਸਿੱਧੂ, ਡੀ. ਸੀ. ਪੀ. ਓ ਯੂਨਿਟ ਦੇ ਸਮਾਇਲੀ ਥਿੰਦ, ਰੋਹਿਤਾ ਅਤੇ ਸ਼ਾਨੂੰ ਤੋਂ ਇਲਾਵਾ ਪੈਰਾ ਲੀਗਲ ਵਲੰਟੀਅਰ ਹਾਜ਼ਰ ਸਨ।
ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਸੀ. ਜੇ. ਐਮ ਹਰਪ੍ਰੀਤ ਕੌਰ ਦੀ ਮੌਜੂਦਗੀ ਵਿਚ ਬੱਚਿਆਂ ਨੂੰ ਮਾਪਿਆਂ ਹਵਾਲੇ ਕੀਤੇ ਜਾਣ ਦਾ ਦਿ੍ਰਸ਼।

Spread the love