*ਕੋਰੋਨਾ ਪਾਜ਼ੇਟਿਵ ਵਿਅਕਤੀਆਂ ਨੂੰ ਮੁਫ਼ਤ ਵੰਡੀਆਂ ਜਾਣਗੀਆਂ ਕਿੱਟਾਂ
*ਕਿੱਟਾਂ ਵਿੱਚ ਪਲਸ ਆਕਸੀਮੀਟਰ ਤੇ ਜ਼ਰੂਰੀ ਦਵਾਈਆਂ ਸਮੇਤ 18 ਵਸਤਾਂ ਸ਼ਾਮਲ
*ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਟੈਸਟਿੰਗ ਦਰ ਵਧਾਉਣ ਦੀਆਂ ਹਦਾਇਤਾਂ
ਬਰਨਾਲਾ, 1 ਅਕਤੂਬਰ
ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ‘ਕੋਰੋਨਾ ਫ਼ਤਿਹ ਕਿੱਟਾਂ’ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਬਰਨਾਲਾ ਵਿੱਚ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਲਈ ਆਈਆਂ ਇਹ ਕਿੱਟਾਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਸਿਹਤਯਾਬੀ ਲਈ ਵਿਸ਼ੇਸ਼ ਤੌਰ ’ਤੇ ਇਹ ਫ਼ਤਿਹ ਕਿੱਟਾਂ ਤਿਆਰ ਕਰਵਾਈਆਂ ਗਈਆਂ ਹਨ ਅਤੇ ਇਨ੍ਹਾਂ ਕਿੱਟਾਂ ਦਾ ਮਕਸਦ ਏਕਾਂਤਵਾਸ ਵਿੱਚ ਰਹਿ ਰਹੇ ਸਾਰੇ ਕੋਵਿਡ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਰੰਤਰ ਸਵੈ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਫ਼ਤਿਹ ਕਿੱਟਾਂ ਵਿੱਚ 18 ਵਸਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਪਲਸ ਆਕਸੀਮੀਟਰ, ਜ਼ਰੂਰੀ ਦਵਾਈਆਂ ਤੋਂ ਇਲਾਵਾ ਸਬੰਧਤ ਸਿੱਖਿਆ ਸਮੱਗਰੀ ਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ, ਜ਼ਿਲ੍ਹੇ ਦੇ ਐਸਐਮਓਜ਼ ਅਤੇ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਉਨ੍ਹਾਂ ਸਿਹਤ ਵਿਭਾਗ ਨੂੰ ਜ਼ਿਲ੍ਹੇ ਵਿੱਚ ਕਰੋਨਾ ਟੈਸਟਿੰਗ ਦਰ ਵਧਾਉਣ ਲਈ ਕਦਮ ਚੁੱਕਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਫੈਕਟਰੀਆਂ ਦੇ ਵਰਕਰਾਂ, ਨਰੇਗਾ ਕਾਮਿਆਂ, ਦੁਕਾਨਦਾਰਾਂ, ਸਕੂਲੀ ਸਟਾਫ, ਰੈਸਟਰੋਰੈਂਟਾਂ ਦੇ ਸਟਾਫ ਦੇ ਕਰੋਨਾ ਟੈਸਟ ਕਰਨ ਲਈ ਲਗਾਤਾਰ ਕੈਂਪ ਲਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਟੈਸਟ ਕਰਾ ਕੇ ਕਰੋਨਾ ਮਹਾਮਾਰੀ ਤੋਂ ਸੁਰੱਖਿਅਤ ਰਹਿ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਐਸਡੀਐਮ ਸ੍ਰੀ ਵਰਜੀਤ ਵਾਲੀਆ ਤੋਂ ਇਲਾਵਾ ਐਸਐਮਓ ਡਾ. ਤਪਿੰਦਰਜੋਤ ਕੌਸ਼ਲ, ਐਸਐਮਓ ਜਸਬੀਰ ਸਿੰਘ ਔਲਖ, ਐਸਐਮਓ ਹਰਜਿੰਦਰ ਸਿੰਘ, ਐਸਐਮਓ ਡਾ. ਸਤਵੰਤ ਔਜਲਾ, ਐਸਐਮਓ ਡਾ. ਪ੍ਰਵੇਸ਼ ਤੋਂ ਇਲਾਵਾ ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਬੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ, ਬੀਈਈ ਗੌਤਮ ਰਿਸ਼ੀ, ਕੁਲਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।