ਡਿਪਟੀ ਕਮਿਸ਼ਨਰ ਵਲੋਂ ਕੇਵਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀ ਕੰਬਾਇਨ ਨਾਲ ਹੀ ਝੋਨੇ ਦੀ ਕਟਾਈ ਕਰਨ ਦੀ ਅਪੀਲ

DC TaranTaran

Sorry, this news is not available in your requested language. Please see here.

ਖੇਤਾਂ ਵਿੱਚ ਝੋਨੇ ਦੀ ਪਰਾਲੀ ਤੇ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਵੀ ਅੱਗ ਲਗਾਉਣ ਦੀ ਮਨਾਹੀ
ਉਲੰਘਣਾ ਕਰਨ ‘ਤੇ ਕੇਸ ਦਰਜ ਹੋਣ ਦੇ ਨਾਲ-ਨਾਲ ਹੋਵੇਗਾ ਭਾਰੀ ਜੁਰਮਾਨਾ
ਤਰਨ ਤਾਰਨ, 01 ਅਕਤੂਬਰ :
ਜ਼ਿਲ੍ਹਾ ਤਰਨ ਤਾਰਨ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐੱਸ. ਐੱਮ. ਐੱਸ) ਲਗਾਏ ਬਗੈਰ ਝੋਨੇ ਦੀ ਕਟਾਈ ਨਹੀਂ ਕਰ ਸਕਦੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਨਿਰਦੇਸ਼ਾਂ / ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਦੇ ਵਿਰੁੱਧ ਏਅਰ (ਪੀਵੈਨਸ਼ਨ ਐਂਡ ਕੰਟਰੋਲ ਆਫ਼ ਪਲੂਸ਼ਨ) ਐਕਟ, 1981ਦੀਆਂ ਧਾਰਾਵਾਂ ਅਧੀਨ ਫੌਜਦਾਰੀ ਮੁਕੱਦਮਾ ਦਾਇਰ ਹੋ ਸਕਦਾ ਹੈ।
ਇਸ ਤੋਂ ਇਲਾਵਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ ਪਹਿਲੀ ਉਲੰਘਣਾ ਕਰਨ ‘ਤੇ 50,000 ਰੁਪਏ, ਦੂਜੀ ਉਲੰਘਣਾ ਕਰਨ ਤੇ 75,000 ਰੁਪਏ ਜਦਕਿ ਤੀਸਰੀ ਅਤੇ ਇਸ ਤੋਂ ਬਾਅਦ ਉਲੰਘਣਾ ਕਰਨ ਤੇ 1,00,000 ਰੁਪਏ ਹਰੇਕ ਪ੍ਰਤੀ ਉਲੰਘਣਾ ਦੇ ਹਿਸਾਬ ਨਾਲ ਜੁਰਮਾਨਾ ਲਗੇਗਾ ।
ਉਹਨਾਂ ਕਿਸਾਨਾਂ, ਕੰਬਾਈਨਾਂ ਦੇ ਮਾਲਕਾਂ ਤੇ ਆਪਰੇਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਵਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐੱਸ. ਐੱਮ. ਐੱਸ.) ਵਾਲੀ ਕੰਬਾਇਨ ਨਾਲ ਹੀ ਝੋਨੇ ਦੀ ਕਟਾਈ ਕਰਨ, ਜਿਸ ਨਾਲ ਪਰਾਲੀ ਦਾ ਨਿਪਟਾਰਾ ਕਰਨ ਵਿਚ ਆਸਾਨੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਲਗਾਉਣ ਦੇ ਕਾਫ਼ੀ ਨੁਕਸਾਨ ਹਨ।ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ ਅਤੇ ਇਸ ਦੀ ਉਲੰਘਣਾ ਕਰਨ ‘ਤੇ ਜ਼ਮੀਨ ਦੀ ਮਲਕੀਅਤ ਅਨੁਸਾਰ 2,500 ਰੁਪਏ ਤੋਂ 15,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ, ਕੰਬਾਇਨ ਮਾਲਕਾਂ ਅਤੇ ਓਪਰੇਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਕੰਬਾਇਨਾਂ ਨੂੰ ਸੁਪਰ ਐੱਸ. ਐੱਮ. ਐੱਸ. ਲਗਾਏ ਬਗੈਰ ਨਾ ਚਲਾਇਆ ਜਾਵੇ।

Spread the love