ਡੇਂਗੂ ਤੋਂ ਬਚਣ ਲਈ ਹਰ ਸੁਕਰਵਾਰ ਡਰਾਈ ਡੇਅ ਵਜੋ ਮਨਾਇਆ ਜਾਵੇ -ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਡੇਂਗੂ ਤੋਂ ਬਚਣ ਲਈ ਸਕੂਲੀ ਬੱਚਿਆਂ ਨੂੰ ਕੀਤਾ ਜਾਵੇ ਜਾਗਰੂਕ
ਅੰਮ੍ਰਿਤਸਰ, 13 ਸਤੰਬਰ 2021 ਜਿਲ੍ਹੇ ਵਿਚ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਇਸਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਗੂ ਤੋ ਬੱਚਣ ਲਈ ਹਰ ਸ਼ੁਕਰਵਾਰ ਡਰਾਈ ਡੇਅ ਵਜੋ ਮਨਾਇਆ ਜਾਵੇ ਅਤੇ ਜਿੰਨ੍ਹਾਂ ਸਥਾਨਾਂ ਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਦੇ ਚਾਲਾਨ ਕੀਤੇ ਜਾਣ। ਉੁਨ੍ਹਾਂ ਸਿਹਤ, ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਾਰ ਡੇਂਗੂ ਦੇ ਡੰਗ ਨੂੰ ਫੈਲਣ ਤੋਂ ਹਰ ਹਾਲ ਵਿਚ ਰੋੋਕਿਆ ਜਾਵੇ ਅਤੇ ਪਿਛਲੇ ਸਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦਵਾਈ ਦੀ ਸਪਰੇਅ ਦਾ ਵੱਧ ਜੋਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਲਈ ਸਬੰਧਤ ਵਿਭਾਗ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਸ਼ਹਿਰ ਵਿਚ ਇਹ ਮੱਛਰ ਜ਼ਿਆਦਾ ਫੈਲਦਾ ਹੋਣ ਕਾਰਨ ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਜਿੱਥੇ ਵੀ ਸਿਹਤ ਵਿਭਾਗ ਕਹੇ, ਤੁਰੰਤ ਮੱਛਰ ਮਾਰ ਦਵਾਈ ਦੀ ਸਪਰੇਅ ਕੀਤੀ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣ ਅਤੇ ਬਚਾਅ ਤੋਂ ਜਾਗਰੂਕ ਕਰਨ ਲਈ ਵੀ ਕਿਹਾ।

ਮੀਟਿੰਗ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਅੰਮ੍ਰਿਤਸਰ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ ਡੇਂਗੂ ਦੇ 276 ਕੇਸ ਸ਼ੱਕੀ ਪਾਏ ਗਏ , ਜਿੰਨ੍ਹਾਂ ਵਿਚੋ 251 ਕੇਸ ਪਾਜਟਿਵ ਪਾਏ ਗਏ ਅਤੇ ਇਸ ਸਾਲ ਹੁਣ ਤੱਕ ਡੇਂਗੂ ਦਾ ਲਾਰਵਾ ਮਿਲਣ ਤੇ 503 ਚਲਾਨ ਕੱਟੇ ਗਏ ਹਨ। ਉਨਾਂ ਕਿਹਾ ਕਿ ਇਸ ਲਈ ਨਗਰ ਨਿਗਮ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਖੜਾ ਨਾ ਹੋਣ ਦੇਵੇ ਅਤੇ ਜਿੱਥੇ ਪਾਣੀ ਖੜਦਾ ਹੈ, ਉਥੇ ਸਮੇਂ-ਸਮੇਂ ਦਵਾਈ ਦੀ ਸਪਰੇਅ ਕਰਵਾਏ।

ਇਸ ਮੋਕੇ ਜ਼ਿਲਾ੍ਹ ਮਲੇਰੀਆ ਅਫਸਰ ਡਾ. ਮਦਨ ਮੋਹਨ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਿਹਾ, ਉਥੇ ਮੱਛਰ ਤਿਆਰ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ੍ਹ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ। ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਬਦਲੀਏ। ਉਨਾਂ ਦੱਸਿਆ ਕਿ ਡੇਂਗੂ ਦੇ ਮੱਛਰ ਆਮ ਮੱਛਰ ਨਾਲੋਂ ਵੱਡਾ ਅਤੇ ਸਰੀਰ ’ਤੇ ਧਾਰੀਆਂ ਹੁੰਦੀਆਂ ਹਨ। ਇਹ ਸਵੇਰ ਜਾਂ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਡੰਗ ਵੀ ਤਿੱਖਾ ਮਾਰਦਾ ਹੈ। ਇਹ ਆਮ ਤੌਰ ’ਤੇ ਪਰਦਿਆਂ, ਫੋਟੋ ਫਰੇਮਾਂ, ਟੇਬਲ-ਕੁਰਸੀਆਂ ਦੇ ਹੇਠਾਂ ਜਾਂ ਹੋਰ ਠੰਡੀਆਂ ਥਾਵਾਂ ’ਤੇ ਹੁੰਦਾ ਹੈ।

ਡੇਂਗੂ ਕੱਟਣ ਉਪਰੰਤ ਲੱਛਣ- ਜਿਲ੍ਹਾ ਮਲੇਰੀਆ ਅਫਸਰ ਡਾ. ਮਦਨ ਨੇ ਦੱਸਿਆ ਕਿ ਜਦੋਂ ਡੇਂਗੂ ਦਾ ਮੱਛਰ ਕੱਟ ਜਾਂਦਾ ਹੈ ਤਾਂ ਤੇਜ਼ ਬੁਖਾਰ, ਅੱਖਾਂ ਦਰਦ ਹੁੰਦੀਆਂ ਹਨ। ਇਸ ਹਾਲਤ ਵਿਚ ਕੇਵਲ ਪੈਰਾਸੂਟਾਮੋਲ ਦਵਾਈ ਦਿੱਤੀ ਜਾ ਸਕਦੀ ਹੈ, ਹੋਰ ਕੋਈ ਦਵਾਈ ਨਾ ਖਾਓ। ਉਨਾਂ ਦੱਸਿਆ ਕਿ ਡੇਂਗੂ ਮੱਛਰ ਕੱਟਣ ’ਤੇ ਜੇਕਰ ਮਰੀਜ ਵੱਧ ਤੋਂ ਵੱਧ ਤਰਲ ਪਦਾਰਥ ਪੀਵੇ ਤਾਂ ਖ਼ਤਰੇ ਦੀ ਗੱਲ ਨਹੀਂ ਰਹਿੰਦੀ।

ਡਾ. ਮਦਨ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਜਾਂ ਵਪਾਰਕ ਸੰਸਥਾਵਾਂ ’ਤੇ ਟੁੱਟੇ ਬਰਤਨ, ਗਮਲੇ, ਕੂਲਰ, ਖਰਾਬ ਟਾਇਰ, ਗਟਰ ਦੇ ਢੱਕਣ ਵਿਚ ਬਣੇ ਛੋਟੇ ਹੋਲ, ਪੰਛੀਆਂ ਲਈ ਰੱਖਿਆ ਪਾਣੀ ਆਦਿ ਵਿਚ ਪਾਣੀ ਨਾ ਖੜਾ ਰਹਿਣ ਦਈਏ ਤੇ ਕੂਲਰ ਆਦਿ ਦਾ ਪਾਣੀ ਵੀ ਹਰ 7 ਦਿਨਾਂ ਦੇ ਵਿਚ ਬਦਲੀਏ। ਇਸ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਤੋਂ ਬਚਾਅ ਹੋ ਸਕਦਾ ਹੈ। ਡਾ. ਮਦਨ ਨੇ ਦੱਸਿਆ ਕਿ ਇਸ ਵਾਰ ਸਰਦੀ ਵਿਚ ਵੀ ਡੇਂਗੂ ਦੇ ਕੇਸ ਸਾਹਮਣੇ ਆਏ ਹੋਣ ਕਾਰਨ ਸਾਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ, ਵਧੀਕ ਕਮਿਸ਼ਨਰ ਸ਼੍ਰੀ ਰਣਬੀਰ ਮੁੱਧਲ, ਜ਼ਿਲਾ ਮਾਸ ਤੇ ਮੀਡੀਆ ਅਫਸਰ ਸ: ਅਮਨਦੀਪ ਸਿੰਘ,ਸ: ਸੁਖਜਿੰਦਰ ਸਿੰਘ,ਸਾਰੇ ਮੈਡਕੀਲ ਅਫਸਰ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ-ਡੇਂਗੂ ਤੋਂ ਬਚਾਅ ਲਈ ਬਣਾਈ ਗਈ ਟਾਸਕ ਫੋਰਸ ਦੀ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਹੋਰ।

Spread the love