ਡੈਪੋ ਮੁਹਿੰਮ ਤਹਿਤ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ – ਐੱਸ.ਡੀ.ਐੱਮ. ਬਟਾਲਾ

Sorry, this news is not available in your requested language. Please see here.

ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਪੀੜਤ ਵਿਅਕਤੀਆਂ ਦੇ ਇਲਾਜ ਦੀ ਵੀ ਨਿਭਾਈ ਜ਼ਿੰਮੇਵਾਰੀ
ਬਟਾਲਾ, 25 ਜੂਨ 2021 ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡੈਪੋ ਮੁਹਿੰਮ ਤਹਿਤ ਸਬ ਡਵੀਜ਼ਨ ਬਟਾਲਾ ’ਚ ਬਣਾਈਆਂ ਗਈਆਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤੀ ਤੇ ਜਾਗਰੂਕਤਾ ਦੇ ਨਾਲ-ਨਾਲ ਨਸ਼ਿਆਂ ਦੀ ਆਦਤ ਤੋਂ ਪੀੜਤ ਵਿਅਕਤੀਆਂ ਦੇ ਇਲਾਜ ਦੀ ਵੀ ਜ਼ਿੰਮੇਵਾਰੀ ਨਿਭਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਆਦਤ ਦੇ ਸ਼ਿਕਾਰ ਵਿਅਕਤੀਆਂ ਦੇ ਮੁਫ਼ਤ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕ ਦੇ ਨਾਲ ਨਾਲ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵੀ ਚਲਾਏ ਜਾ ਰਹੇ ਹਨ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਬਟਾਲਾ ਦੇ ਹਰ ਵਾਰਡ ਅਤੇ ਪਿੰਡਾਂ ਵਿੱਚ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਕਾਰਜਸ਼ੀਲ ਹਨ, ਜੋ ਕਿ ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ਼ ਅਤੇ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਆਦਤ ਦੇ ਸ਼ਿਕਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਉਨ੍ਹਾਂ ਦੀ ਮਾਹਿਰਾਂ ਵੱਲੋਂ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਮਾਨਸਿਕ ਤੌਰ ’ਤੇ ਵੀ ਮਰੀਜ਼ ਨੂੰ ਨਸ਼ਾ ਛੱਡਣ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਓ.ਪੀ.ਡੀ. ਰਾਹੀਂ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਰੈਗੂਲਰ ਤੌਰ ’ਤੇ ਉਨ੍ਹਾਂ ਉੱਪਰ ਪੂਰੀ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਨਹੀਂ ਰੋਕਿਆ ਗਿਆ ਅਤੇ ਰੈਗੂਲਰ ਤੌਰ ’ਤੇ ਇਨ੍ਹਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਨਸ਼ੇ ਤੋਂ ਛੁਟਕਾਰਾ ਪਾ ਚੁੱਕੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ।
ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਅਤੇ ਸਹੀ ਇਲਾਜ ਕਰਾ ਕੇ ਇਸਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਨਸ਼ੇ ਉੱਪਰ ਲੱਗ ਗਿਆ ਹੈ ਤਾਂ ਉਹ ਨਿਰਸੰਕੋਚ ਨਸ਼ਾ ਰੋਕੂ ਨਿਗਰਾਨ ਕਮੇਟੀ ਨਾਲ ਜਾਂ ਨੇੜੇ ਦੀ ਸਿਹਤ ਸੰਸਥਾ ਵਿਖੇ ਚੱਲ ਰਹੇ ਓਟ ਕੇਂਦਰ ਵਿੱਚ ਇਲਾਜ ਲਈ ਸੰਪਰਕ ਕਰੇ। ਉਨ੍ਹਾਂ ਕਿਹਾ ਕਿ ਇਲਾਜ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਸਹਿਜੇ ਹੀ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਵਾਲਿਆ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਬਾਰੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਵਿਅਕਤੀ ਨੂੰ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਚਲਾਏ ਜਾ ਰਹੇ ਓ.ਓ.ਏ.ਟੀ (ਓਟ) ਕੇਂਦਰ ਵਿਖੇ ਇਲਾਜ ਲਈ ਭੇਜਿਆ ਜਾ ਸਕਦਾ ਹੈ, ਜਿੱਥੇ ਉਨਾਂ ਨੂੰ ਮੁਫਤ ਦਵਾਈਆ ਆਦਿ ਮੁਹੱਇਆ ਕਰਵਾਈ ਜਾਂਦੀਆ ਹਨ।

Spread the love