ਤ੍ਰਿਪਤ ਬਾਜਵਾ ਨੇ ਬਟਾਲਾ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦਾ ਨੀਂਹ ਪੱਥਰ ਰੱਖਿਆ

Sorry, this news is not available in your requested language. Please see here.

ਬਟਾਲਾ, 19 ਜੂਨ 2021 ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਬਟਾਲਾ ਦੇ ਪੰਚਾਇਤੀ ਬਲਾਕ ਨੂੰ ਅਜ਼ਾਦੀ ਤੋਂ ਬਾਅਦ ਨਵਾਂ ਦਫ਼ਤਰ ਮਿਲਣ ਜਾ ਰਿਹਾ ਹੈ। ਅੱਜ ਬਟਾਲਾ ਦੀ ਪਸ਼ੂ ਮੰਡੀ ਦੇ ਕੋਲ ਪੰਚਾਇਤ ਸੰਮਤੀ ਦੀ ਜ਼ਮੀਨ ਵਿੱਚ ਨਵੇਂ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਰੱਖਿਆ ਗਿਆ। ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਡੀ.ਡੀ.ਪੀ.ਓ. ਹਰਜਿੰਦਰ ਸਿੰਘ ਸੰਧੂ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਬੁੱਧੀ ਰਾਜ ਸਿੰਘ, ਬੀ.ਡੀ.ਪੀ.ਓ. ਬਟਾਲਾ ਅਮਨਦੀਪ ਕੌਰ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ, ਐਕਸੀਅਨ ਪੰਚਾਇਤੀ ਰਾਜ ਤੇ ਹੋਰ ਮੋਹਤਬਰ ਵੀ ਮੌਜੂਦ ਸਨ।
ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਤਹਿਤ ਇਸ ਪੰਚਾਇਤ ਰੀਸੋਰਸ ਸੈਂਟਰ ਦੀ ਇਮਾਰਤ ਉਸਾਰੀ ਜਾਵੇਗੀ ਅਤੇ ਇਸ ਉੱਪਰ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਦੋ ਮੰਜ਼ਿਲਾ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਵਿੱਚ ਬੀ.ਡੀ.ਪੀ.ਓ. ਦਫ਼ਤਰ ਤੋਂ ਇਲਾਵਾ ਪੰਚਾਇਤ ਟਰੇਨਿੰਗ ਸਕੂਲ, ਪੰਚਾਇਤ ਸੰਮਤੀ ਦਫ਼ਤਰ ਅਤੇ ਪੰਚਾਂ-ਸਰਪੰਚਾਂ ਦੇ ਬੈਠਣ ਲਈ ਵਿਸ਼ੇਸ਼ ਦਫ਼ਤਰ ਹੋਣਗੇ। ਸ. ਬਾਜਵਾ ਨੇ ਕਿਹਾ ਕਿ ਇਹ ਇਮਾਰਤ ਅਗਲੇ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਦਾ ਮੌਜੂਦਾ ਪੰਚਾਇਤ ਦਫ਼ਤਰ ਅੰਗਰੇਜ਼ ਰਾਜ ਦੇ ਸਮੇਂ ਦਾ ਬਣਿਆ ਹੋਣ ਕਾਰਨ ਇਸਦੀ ਇਮਾਰਤ ਕਾਫੀ ਖਸਤਾ ਹੋ ਚੁੱਕੀ ਹੈ ਅਤੇ ਇਹ ਇਮਾਰਤ ਅੱਜ ਦੀਆਂ ਲੋੜਾਂ ਅਨੁਸਾਰ ਵੀ ਢੁੱਕਵੀਂ ਨਹੀਂ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਭੀੜ-ਭੜੱਕੇ ਤੋਂ ਬਾਹਰ ਬਣਨ ਵਾਲੇ ਇਸ ਨਵੇਂ ਦਫ਼ਤਰ ਨਾਲ ਇਥੇ ਕੰਮ ਕਰਵਾਉਣ ਆਉਣ ਵਾਲੇ ਪੰਚਾਇਤੀ ਨੁਮਾਇੰਦਿਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਸਰਪੰਚ ਰੰਗੜ ਨੰਗਲ ਮਨਦੀਪ ਸਿੰਘ, , ਸਰਪੰਚ ਹੈਪੀ ਸਰਪੰਚ ਸਰੂਪਵਾਲੀ, ਬਖਤਾਵਰ ਸਿੰਘ ਸਰਪੰਚ ਚੋਰਾਂਵਾਲੀ, ਕੌਂਸਲਰ ਹਰਨੇਕ ਸਿੰਘ, ਹਰਪਾਲ ਸਿੰਘ ਬੈਸਟ ਟਾਈਲ ਵਾਲੇ, ਦਵਿੰਦਰ ਸਿੰਘ, ਪੀ.ਏ. ਸਿਕੰਦਰ ਸਿੰਘ ਤੇ ਹੋਰ ਮੋਹਤਬਰ ਹਾਜ਼ਰ ਸਨ।

 

Spread the love