ਪਟਿਆਲਾ 2 ਜੂਨ 2021
ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਨ ਨੂੰ ਹੋਰ-ਵਧੇਰੇ ਚੁਸਤ-ਦਰੁਸਤ ਬਣਾਉਣ ਹਿਤ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਪਟਿਆਲਾ ਜ਼ਿਲ੍ਹੇ ‘ਚ 14 ਸੈਂਟਰ ਹੈੱਡ ਤੇ ਹੈੱਡ ਟੀਚਰਜ਼ ਨਿਯੁਕਤ ਕੀਤੇ ਗਏ ਹਨ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਉਕਤ ਨਵਨਿਯੁਕਤ ਹੈੱਡ ਟੀਚਰਜ਼ ਨੂੰ ਪ੍ਰਬੰਧਕੀ ਸਿਖਲਾਈ ਦੇਣ ਲਈ ਦੋ ਦਿਨਾਂ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਦੀ ਅਗਵਾਈ ‘ਚ ਲਗਾਈ ਗਈ। ਵਰਕਸ਼ਾਪ ਦੇ ਅਖੀਰਲੇ ਦਿਨ ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮਨੋਰਥ ਨਵਨਿਯੁਕਤ ਸਕੂਲ ਮੁਖੀਆਂ ਨੂੰ ਵਿਭਾਗੀ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਕਿ ਸਕੂਲ ਵਿੱਚ ਜਾ ਕੇ ਸਹਿਜ ਨਾਲ ਵਿਭਾਗ ਦਾ ਹਿੱਸਾ ਬਣ ਜਾਣ। ਉਨ੍ਹਾਂ ਸਾਰੇ ਨਵਨਿਯੁਕਤ ਸਕੂਲ ਮੁਖੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਆਪਣੀ ਸੇਵਾ ਮਿਸ਼ਨਰੀ ਭਾਵਨਾ ਨਾਲ ਕਰਨ ਦੀ ਅਪੀਲ ਕੀਤੀ। ਇਹ ਵਰਕਸ਼ਾਪ ਕੋਆਰਡੀਨੇਟਰ ਡਾ. ਨਰਿੰਦਰ ਸਿੰਘ ਦੀ ਦੇਖ-ਰੇਖ ‘ਚ ਸਰਵ ਸਿੱਖਿਆ ਅਭਿਆਨ ਦਫ਼ਤਰ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ।
ਪਹਿਲੇ ਦਿਨ ਰੌਕਸੀ ਬਾਂਸਲ, ਰਿਧੀ ਤੇ ਮੇਘਾ ਨੇ ਸਮੱਗਰਾ ਸਿੱਖਿਆ ਦੀਆਂ ਵਿੱਤ ਸਬੰਧੀ ਜ਼ਿੰਮੇਵਾਰੀਆਂ ਤਹਿਤ ਕੈਸ਼-ਬੁੱਕ, ਵਾਊਚਰ ਫਾਈਲਜ਼, ਸਟਾਕ ਰਜਿਸਟਰ ਤੇ ਫੰਡਾ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਸਾਂਝੀ ਸਿੱਖਿਆ ਤੋਂ ਰੋਮਤੀ ਨੇ ਸਿੱਖਿਆ ਦੇ ਖੇਤਰ ‘ਚ ਸਮਾਜ ਦੀ ਭਾਈਵਾਲੀ ਦਾ ਫ਼ਾਇਦਾ ਉਠਾਉਣ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਕੋਵਿਡ-19 ਤੋਂ ਬਾਅਦ ਸਕੂਲਾਂ ਦੇ ਆਮ ਵਾਂਗ ਖੁੱਲਣ ‘ਤੇ ਮਿੱਡ ਡੇ ਮੀਲ ਦਾ ਰਿਕਾਰਡ ਤਿਆਰ ਕਰਨ ਤੇ ਮਿੱਡ ਡੇ ਮੀਲ ਤਿਆਰ ਕਰਨ ਸਬੰਧੀ ਜਸਪਿੰਦਰਪਾਲ ਸਿੰਘ ਨੇ ਸਿਖਲਾਈ ਦਿੱਤੀ।
ਦੂਸਰੇ ਦਿਨ ਵਿਭਾਗ ਦੇ ਐਮ.ਆਈ.ਐਸ. ਵਿੰਗ ਨਾਲ ਸਬੰਧਤ ਗਤੀਵਿਧੀਆਂ ਈ-ਪੰਜਾਬ ਵੈਬਸਾਈਟ, ਸਟਾਫ਼ ਤੇ ਵਿਦਿਆਰਥੀਆਂ ਦਾ ਡਾਟਾ ਆਨਲਾਈਨ ਕਰਨ, ਈ-ਸਰਟੀਫਿਕੇਟ, ਵਿਭਾਗ ਦੇ ਵੱਖ-ਵੱਖ ਐਪਸ ਦੀ ਵਰਤੋਂ ਸਬੰਧੀ ਕੋਆਰਡੀਨੇਟਰ ਹਰਦੇਵ ਸਿੰਘ ਨੇ ਸਿਖਲਾਈ ਵਿਸਥਾਰ ‘ਚ ਦੱਸਿਆ। ਵਿਭਾਗ ਦੇ ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਪ੍ਰੋਜੈਕਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਨੇ ਅਤੇ ਸਮਾਰਟ ਸਕੂਲ ਮੁਹਿੰਮ ਸਬੰਧੀ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਕੌਲੀ ਤੇ ਜਗਜੀਤ ਸਿੰਘ ਵਾਲੀਆ ਵਿਸਥਾਰ ‘ਚ ਚਰਚਾ ਕੀਤੀ। ਭਾਵਨਾ ਸ਼ਰਮਾ ਤੇ ਸੁਖਦੀਪ ਕੌਰ ਨੇ ਵੀ ਵਿਭਾਗ ਦੀਆਂ ਵਿੱਦਿਅਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।
ਵਰਕਸ਼ਾਪ ਦੀ ਸਮਾਪਤੀ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਨੇ ਸਭ ਦਾ ਧੰਨਵਾਦ ਕੀਤਾ। ਵਰਕਸ਼ਾਪ ਦੇ ਅਖੀਰ ‘ਚ ਨਵਨਿਯੁਕਤ ਸਕੂਲ ਮੁਖੀਆਂ ਜਸਪਾਲ, ਜਸਬੀਰ ਕੌਰ, ਯਾਦਵਿੰਦਰ ਕੌਰ, ਅਮਰੀਕਾ ਲਾਲ, ਰੇਖਾ ਰਾਣੀ ਤੇ ਰੀਤਾ ਰਾਣੀ ਨੇ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।
ਪਟਿਆਲਾ ਜ਼ਿਲ੍ਹੇ ਦੇ ਨਵਨਿਯੁਕਤ ਸਕੂਲ ਮੁਖੀ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਤੇ ਵਰਕਸ਼ਾਪ ਦੇ ਰਿਸੋਰਸ ਪਰਸਨਜ਼ ਨਾਲ।