ਨਵਾਂਸ਼ਹਿਰ ’ਚ ਪੰਜਾਬ ਦੀ ਪਹਿਲੀ ‘ਲੈਬ ਆਨ ਵੀਲਜ਼’ ਦਾ ਹੋਇਆ ਆਗਾਜ਼

Sorry, this news is not available in your requested language. Please see here.

ਵਿਦਿਆਰਥੀਆਂ ਦੀਆਂ ਬਰੂਹਾਂ ’ਤੇ ਜਾ ਕੇ ਵੰਡੇਗੀ ਕੰਪਿਊਟਰ ਤੇ ਵਿਗਿਆਨ ਦਾ ਗਿਆਨ
ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਨੇ ਝੰਡੀ ਦੇ ਕੇ ਕੀਤਾ ਰਵਾਨਾ
ਨਵਾਂਸ਼ਹਿਰ, 1 ਸਤੰਬਰ 2021 ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਉਸ ਵੇਲੇ ਯਾਦਗਾਰੀ ਹੋ ਨਿੱਬੜਿਆ, ਜਦੋਂ ਨਵਾਂਸ਼ਹਿਰ ਤੋਂ ਪੰਜਾਬ ਦੀ ਪਹਿਲੀ ਅਤੇ ਨਿਵੇਕਲੀ ‘ਚੱਲਦੀ-ਫਿਰਦੀ ਕੰਪਿਊਟਰ ਅਤੇ ਵਿਗਿਆਨਕ ਪ੍ਰਯੋਗਸ਼ਾਲਾ’ (ਕੰਪਿਊਟਰ ਐਂਡ ਸਾਇੰਸ ਲੈਬ ਆਨ ਵੀਲਜ਼) ਦਾ ਸ਼ੁੱਭ ਆਰੰਭ ਕੀਤਾ ਗਿਆ। ਕਰੀਬ 48 ਲੱਖ ਦੀ ਲਾਗਤ ਵਾਲੀ ਇਸ ਵਿਲੱਖਣ ਲੈਬ ਨੂੰ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਦੋ ਭਾਗਾਂ ਵਿਚ ਵੰਡੀ ਹੋਈ ਇਸ ਏਅਰ ਕੰਡੀਸ਼ਨਡ ਮੋਬਾਈਲ ਲੈਬ ਦੇ ਕੰਪਿਊਟਰ ਸੈਕਸ਼ਨ ਵਿਚ ਐਲ. ਈ. ਡੀ ਤੋਂ ਇਲਾਵਾ ਵਾਈ-ਫਾਈ ਪਿ੍ਰੰਟਰ ਅਤੇ ਹੋਰਨਾਂ ਸੁਵਿਧਾਵਾਂ ਨਾਲ ਲੈਸ 12 ਅਤਿ-ਆਧੁਨਿਕ ਕੰਪਿਊਟਰ ਹਨ ਜਦਕਿ ਸਾਇੰਸ ਸੈਕਸ਼ਨ ਵਿਚ ਵਿਗਿਆਨ ਦੇ ਬੇਸਿਕ ਮਾਡਲ ਤੇ ਯੰਤਰ ਹਨ, ਜਿਨਾਂ ਵਿਚ ਆਈ ਟੈਸਟਿੰਗ, ਮਾਈਕ੍ਰੋਸਕੋਪ, ਡੇ ਐਂਡ ਨਾਈਟ ਗਲੋਬ ਤੋਂ ਇਲਾਵਾ ਮਨੁੱਖੀ ਸਰੀਰ, ਦਿਲ, ਡੀ. ਐਨ. ਏ, ਸਕੈਲਟਨ, ਧਰਤੀ ਅਤੇ ਰਾਕੇਟ ਸਟੱਡੀ ਆਦਿ ਦੇ ਮਾਡਲ ਸ਼ਾਮਿਲ ਹਨ। ਲੈਬ ਦੇ ਕੰਪਿਊਟਰਾਂ, ਏ. ਸੀ ਅਤੇ ਹੋਰ ਸਿਸਟਮ ਨੂੰ ਨਿਰਵਿਘਨ ਚਲਾਉਣ ਲਈ ਦੋ ਜਨਰੇਟਰ ਲੱਗੇ ਹੋਏ ਹਨ। ਬੱਸ ਦੇ ਬਾਹਰ ਵੀ ਕੰਪਿਊਟਰ ਅਤੇ ਵਿਗਿਆਨ ਨਾਲ ਸਬੰਧਤ ਦਿਲਕਸ਼ ਤਸਵੀਰਾਂ ਹਨ, ਜੋ ਕਿ ਹਰੇਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਕ ਮਾਹਿਰ ਕੰਪਿਊਟਰ ਟੀਚਰ ਅਤੇ ਇਕ ਸਾਇੰਸ ਅਧਿਆਪਕ ਇਸ ਲੈਬ ਦੇ ਨਾਲ ਹੋਣਗੇ, ਜਿਹੜੇ ਕਿ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਕੰਪਿਊਟਰ ਅਤੇ ਸਾਇੰਸ ਨਾਲ ਜੋੜਨਗੇ।
ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਅਣਥੱਕ ਯਤਨਾਂ ਸਦਕਾ ਹੋਂਦ ਵਿਚ ਆਇਆ ਇਹ ਐਂਡਵਾਂਸ ਟੈਕਨਾਲੋਜੀ ਪ੍ਰਾਜੈਕਟ 2018 ਵਿਚ ਸ਼ੁਰੂ ਕੀਤਾ ਗਿਆ ਸੀ, ਪਰੰਤੂ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਮੁਕੰਮਲ ਹੋਣ ਵਿਚ ਕੁਝ ਸਮਾਂ ਲੱਗਿਆ। ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਰਾਜ ਸਭਾ ਮੈਂਬਰ ਕੇ. ਟੀ. ਐਸ ਤੁਲਸੀ ਵੱਲੋਂ 21.20 ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਗਿਆ ਹੈ, ਜਦਕਿ ਬਾਕੀ ਖ਼ਰਚਾ ਜ਼ਿਲਾ ਮਿਨਰਲ ਫੰਡ ਵਿਚੋਂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਰਸ਼ਨ ਕੁਮਾਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਨੌਜਵਾਨ ਵਿਧਾਇਕ ਨੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਜ਼ਿਲੇ ਵਿਚ ਕੋਈ ਵੀ ਲੋੜਵੰਦ ਵਿਦਿਆਰਥੀ ਆਧੁਨਿਕ ਅਤੇ ਮਿਆਰੀ ਸਿੱਖਿਆ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਇਹ ਮੋਬਾਈਲ ਲੈਬ ਜ਼ਿਲੇ ਦੇ ਉਨਾਂ ਵਿਦਿਆਰਥੀਆਂ ਨੂੰ ਰੈਗੂਲਰ ਸਿੱਖਿਆ ਨਾਲ ਜੋੜੇਗੀ, ਜਿਨਾਂ ਦੇ ਸਕੂਲਾਂ ਵਿਚ ਸਾਇੰਸ ਜਾਂ ਕੰਪਿਊਟਰ ਲੈਬਾਂ ਦੀ ਅਣਹੋਂਦ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਇਹ ਲੈਬ ਜ਼ਿਲੇ ਦੇ 211 ਸੀਨੀਅਰ ਸੈਕੰਡਰੀ ਅਤੇ 423 ਪ੍ਰਾਇਮਰੀ ਸਕੂਲਾਂ ਨੂੰ ਕਵਰ ਕਰੇਗੀ। ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਹਾਈ ਅਤੇ ਦੂਜੇ ਪੜਾਅ ਵਿਚ ਪ੍ਰਾਇਮਰੀ ਸਕੂਲਾਂ ਨੂੰ ਕਵਰ ਕੀਤਾ ਜਾਵੇਗਾ, ਜਿਸ ਦਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਟੀਚਾ ਜ਼ਿਲੇ ਦੇ ਵਿਦਿਆਰਥੀਆਂ ਨੂੰ ਰੌਚਿਕ ਢੰਗ ਨਾਲ ਕੰਪਿਊਟਰ ਅਤੇ ਸਾਇੰਸ ਵਰਗੇ ਵਿਸ਼ਿਆਂ ਦੀ ਪ੍ਰੈਕਟੀਕਲ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਖਾਸ ਕਰਕੇ ਜ਼ਿਲੇ ਦੇ 106 ਮਿਡਲ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਰੈਗੂਲਰ ਸਟੱਡੀ ਨਾਲ ਜੋੜਨਾ ਹੈ। ਉਨਾਂ ਕਿਹਾ ਕਿ ਇਸ ਉਨਾਂ ਦੱਸਿਆ ਕਿ ਇਸ ਮੋਬਾਈਲ ਲੈਬ ਲਈ ਤੇਲ, ਡਰਾਈਵਰ ਅਤੇ ਰੱਖ-ਰਖਾਅ ਦਾ ਖ਼ਰਚਾ ਸਿੱਖਿਆ ਵਿਭਾਗ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਇਸ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਧਾਇਕ ਅੰਗਦ ਸਿੰਘ ਦੀ ਸੋਚ ਅਤੇ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਦਿਨ-ਰਾਤ ਕੀਤੀ ਮਿਹਨਤ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਡਾ. ਗੁਰਨਾਮ ਸਿੰਘ ਸੈਣੀ, ਕੇਵਲ ਸਿੰਘ ਖਟਕੜ, ਜੋਗਿੰਦਰ ਸਿੰਘ ਭਗੌਰਾਂ, ਕੌਂਸਲਰ ਚੇਤ ਰਾਮ ਰਤਨ, ਪਿ੍ਰੰਸੀਪਲ ਸਰਬਜੀਤ ਸਿੰਘ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਐਸ. ਡੀ. ਓ ਬਲਵਿੰਦਰ ਕੁਮਾਰ, ਪ੍ਰੋ. ਐਸ. ਐਸ. ਗਿੱਧਾ, ਅਸ਼ਵਨੀ ਜੋਸ਼ੀ, ਡਾ. ਅਗਨੀਹੋਤਰੀ, ਸਤਨਾਮ ਸਿੰਘ, ਜਸਵਿੰਦਰ ਸਿੰਘ, ਹਰੀਿਸ਼ਨ, ਰਣਜੀਤ ਕੌਰ, ਯੂਨਿਸ, ਜਤਿੰਦਰ ਕੌਰ ਅਤੇ ਹੋਰਨਾਂ ਸ਼ਖਸੀਅਤਾ ਤੋਂ ਇਲਾਵਾ ਨਵਾਂਸ਼ਹਿਰ ਅਤੇ ਰਾਹੋਂ ਦੇ ਕੌਂਸਲਰ, ਸੰਮਤੀ ਮੈਂਬਰ, ਪਿੰਡਾਂ ਦੇ ਸਰਪੰਚ-ਪੰਚ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਕੈਪਸ਼ਨਾਂ :-‘ਲੈਬ ਆਨ ਵੀਲਜ਼’ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ।
-ਮੋਬਾਈਲ ਲੈਬ ਵਿਚ ਕੰਪਿਊਟਰ ਅਤੇ ਸਾਇੰਸ ਸਬੰਧੀ ਪ੍ਰੈਟੀਕਲ ਗਿਆਨ ਹਾਸਲ ਕਰਦੇ ਹੋਏ ਬੱਚੇ।
-ਸਮਾਗਮ ਦੇ ਵੱਖ-ਵੱਖ ਦਿ੍ਰਸ਼।

Spread the love