ਨਵੀਆਂ ਇਬਾਰਤਾਂ ਦਾ ਸਿਰਜਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

_Minister of Languages Harjot Singh Bains
ਨਵੀਆਂ ਇਬਾਰਤਾਂ ਦਾ ਸਿਰਜਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

Sorry, this news is not available in your requested language. Please see here.

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜਨਵਰੀ 2024
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਨਾਏ ਗਏ ਭਾਸ਼ਾ ਵਿਭਾਗ, ਪੰਜਾਬ ਦੇ 76ਵਾਂ ਸਥਾਪਨਾ ਦਿਹਾੜੇ ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਆਪਣੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਪੰਜਾਬੀ ਜ਼ੁਬਾਨ ਦਾ ਦਫ਼ਤਰੀ ਆਰੰਭ ਪਟਿਆਲਾ ਵਿਖੇ 01 ਜਨਵਰੀ 1948 ਨੂੰ ‘ਪੰਜਾਬੀ ਸੈਕਸ਼ਨ’ ਦੀ ਸਥਾਪਨਾ ਨਾਲ ਹੋਇਆ ਅਤੇ 1956 ਤੋਂ ‘ਭਾਸ਼ਾ ਵਿਭਾਗ ਪੰਜਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲ 1948 ਤੋਂ ਲੈ ਕੇ ਸਾਲ 2024 ਤੱਕ ਪੰਜਾਬੀ ਮਾਂ-ਬੋਲੀ ਦੇ ਸਫ਼ਰ ਦਾ ਇਹ ਪੈਂਡਾ 76 ਸਾਲਾਂ ਦਾ ਹੋ ਗਿਆ ਹੈ ਜੋ ਕਿ ਇਸ ਦੇ ਸ਼ਾਨਾਮੱਤੇ ਇਤਿਹਾਸ ਦੀ ਵਿਲੱਖਣ ਅਤੇ ਅਮਿੱਟ ਪੈੜ ਹੈ।
ਡਾ. ਬੋਹਾ ਨੇ 76ਵੀਂ ਵਰ੍ਹੇਗੰਢ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵੱਲੋਂ ਇਸ ਸਾਲ ਕੀਤੇ ਨਿਵੇਕਲੇ ਕਾਰਜਾਂ ਬਾਰੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਦਾ ਪਹਿਲਾ ਸਮਾਰਟ ਦਫ਼ਤਰ ਹੈ ਜਿਸ ਦੇ ਕਮਰਿਆਂ ਦੀਆਂ ਕੰਧਾਂ ਮਾਂ-ਬੋਲੀ ਪੰਜਾਬੀ ਦੀ ਬਾਤ ਪਾਉਂਦੀਆਂ ਹਨ। ਸਾਹਿਤਕਾਰਾਂ ਅਤੇ ਪਾਠਕਾਂ ਅੰਦਰ ਵਿਸ਼ੇਸ਼ ਖਿੱਚ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਹੋਰ ਨਾਮਵਰ ਹਸਤੀਆਂ ਵੱਲੋਂ ਦਫ਼ਤਰ ਦੀ ਸਮੇਂ-ਸਮੇਂ ਸਿਰ ਵਿਜ਼ਿਟ ਕੀਤੀ ਜਾ ਚੁੱਕੀ ਹੈ। ਦਫ਼ਤਰ ਵੱਲੋਂ ਪੰਜਾਬੀ ਮਾਹ ਦੇ ਦੌਰਾਨ ਮਿਤੀ 20 ਤੋਂ 23 ਨਵੰਬਰ 2023 ਤੱਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੰਦਰ ਪਹਿਲੀ ਵਾਰ ਚਾਰ ਰੋਜ਼ਾ ‘ਰਾਜ ਪੱਧਰੀ ਪੁਸਤਕ ਮੇਲਾ’ ਲਗਾਇਆ ਗਿਆ ਜਿਸ ਵਿਚ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਪੁਸਤਕ ਮੇਲੇ ਦਾ ਉਦਘਾਟਨ ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਤਿਆਰ ਕਿਤਾਬ ‘ਪੈੜ’ ਨੂੰ ਵੀ ਉਨ੍ਹਾਂ ਵੱਲੋਂ ਲੋਕ ਅਰਪਣ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿਚ ਪੁਸਤਕ ਪ੍ਰਦਰਸ਼ਨੀਆਂ ਦੇ ਸਮਾਨਾਂਤਰ ਚਾਰ ਦਿਨ ਪੰਜਾਬੀ ਭਾਸ਼ਾ, ਕਵਿਤਾ, ਨਾਵਲ, ਨਾਟਕ, ਕਹਾਣੀ ਅਤੇ ਬਾਲ ਸਾਹਿਤ ਦੇ ਵਿਭਿੰਨ ਸਰੋਕਾਰਾਂ ਉੱਤੇ ਵੱਖ-ਵੱਖ ਸੈਸ਼ਨਾਂ ਦੌਰਾਨ 32 ਵਿਦਵਾਨਾਂ ਵੱਲੋਂ ਵੀ ਸਾਰਥਕ ਵਿਚਾਰ-ਚਰਚਾ ਕੀਤੀ ਗਈ। ਜੇਕਰ ਅਸੀਂ ਇਸ ਸਾਲ ਹੋਏ ਕੁੱਲ ਸਮਾਗਮਾਂ ਦੀ ਗੱਲ ਕਰੀਏ ਤਾਂ ਦਫ਼ਤਰ ਵੱਲੋਂ ਇਸ ਸਾਲ ਦੌਰਾਨ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਹੁਣ ਤੱਕ ਕੁੱਲ 51 ਸਾਹਿਤਕ ਸਮਾਗਮ ਆਯੋਜਿਤ ਕੀਤੇ ਜਾ ਚੁੱਕੇ ਹਨ। ਡਾ. ਬੋਹਾ ਨੇ ਇਹ ਵੀ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਘਰ-ਘਰ ਪੁੱਜਦਾ ਕਰਨ ਅਤੇ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਰੋਜ਼ਾਨਾ ਪੁਸਤਕ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਇਨ੍ਹਾਂ ਪੁਸਤਕ ਪ੍ਰਦਰਸ਼ਨੀਆਂ (ਅਪ੍ਰੈਲ-ਦਸੰਬਰ 2023) ਰਾਹੀਂ ਇਸ ਦਫ਼ਤਰ ਵੱਲੋਂ ਪੰਜ ਲੱਖ ਰੁਪਏ ਦੀਆਂ ਪੁਸਤਕਾਂ ਦੀ ਵਿਕਰੀ ਕੀਤੀ ਜਾ ਚੁੱਕੀ ਹੈ ਜਦਕਿ ਪਿਛਲੇ ਸੈਸ਼ਨ ਦੌਰਾਨ 2022-23 ਦੌਰਾਨ 4.40 ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਗਈਆਂ ਸਨ।
ਇਸ ਤੋਂ ਇਲਾਵਾ ਵਿਭਾਗੀ ਰਸਾਲਿਆਂ ਜਿਵੇਂ ਪੰਜਾਬੀ ਦੁਨੀਆ, ਜਨ ਸਾਹਿਤ, ਪੰਜਾਬ ਸੌਰਭ ਅਤੇ ਪਰਵਾਜ਼-ਏ-ਅਦਬ ਦੇ ਨਵੇਂ ਪਾਠਕਾਂ ਦੀਆਂ 124 ਮੈਂਬਰਸ਼ਿਪ ਕਰਕੇ ਇਸ ਦਫ਼ਤਰ ਵੱਲੋਂ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ। ਦਫ਼ਤਰ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਰੋਜ਼ਾਨਾ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਨੂੰ ਪੋਸਟਰ ਦੇ ਰੂਪ ਵਿਚ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੇਖਕਾਂ ਦੇ ਜਨਮ ਦਿਹਾੜਿਆਂ ਅਤੇ ਹੋਰ ਖ਼ਾਸ ਦਿਨਾਂ ਨੂੰ ਮਨਾਉਂਦਿਆਂ ਵਿਸ਼ੇਸ਼ ਸਰਗਰਮੀਆਂ ਲਗਾਤਾਰ ਇਸ ਦਫ਼ਤਰ ਵੱਲੋਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਫ਼ਤਰ ਦਾ ਇਹ ਨਿਵੇਕਲਾ ਉਪਰਾਲਾ ਹੈ ਕਿ ਲੋਕ ਜਾਗਰੂਕਤਾ ਲਈ ਪੈਂਤੀ ਅੱਖਰੀ ਅੰਕਿਤ 2000 ਜੂਟ ਦੇ ਝੋਲੇ ਬਣਵਾ ਕੇ ਵੀ ਵੰਡੇ ਗਏ ਹਨ। ਇਸ ਤੋਂ ਇਲਾਵਾ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਨ ਦੇ ਉਪਰਾਲੇ ਵਜੋਂ ਜ਼ਿਲ਼੍ਹੇ ਦੇ ਸਕੂਲਾਂ/ਕਾਲਜਾਂ ਅੰਦਰ 158 ਭਾਸ਼ਾ ਮੰਚਾਂ ਦੀ ਸਥਾਪਨਾ ਕੀਤੀ ਗਈ ਹੈ।ਡਾ. ਬੋਹਾ ਨੇ ਇਹ ਵੀ ਦੱਸਿਆ ਕਿ ਦਫ਼ਤਰ ਵਿਖੇ ਸਟੈਨੋਗ੍ਰਾਫ਼ੀ ਸਿਖਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਇਸ ਦਫ਼ਤਰ ਵਿਖੇ ਕੰਪਿਊਟਰ ਲੈਬ ਵੀ ਤਿਆਰ ਕੀਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 75 ਸਾਲਾਂ ਦੇ ਇਤਿਹਾਸ ‘ਚ’ ਪਹਿਲੀ ਵਾਰ ਹੋਇਆ ਹੈ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਟੈਨੋਗ੍ਰਾਫ਼ੀ ਸਿਖਿਆਰਥਣਾਂ ਨੇ ਚਾਰ ਰੋਜ਼ਾ ਰਾਜ ਪੱਧਰੀ ਪੁਸਤਕ ਮੇਲੇ ਦੌਰਾਨ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਅਤੇ ਸ੍ਰੋਤਿਆਂ ਅੰਦਰ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਤੋਂ ਇਲਾਵਾ ਸਟੈਨੋਗ੍ਰਾਫ਼ੀ ਦੀ ਸਿਖਲਾਈ ਦੇ ਨਾਲ-ਨਾਲ ਇਸ ਸਾਲ ਉਰਦੂ ਆਮੋਜ਼ ਸਿਖਲਾਈ ਦੀ ਵੀ ਇਸ ਦਫ਼ਤਰ ਵਿਖੇ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਉੱਚ ਅਧਿਕਾਰੀਆਂ ਦੇ ਥਾਪੜੇ ਸਦਕਾ ਹੀ ਅਸੀਂ ਇਹ ਸਭ ਕੁੱਝ ਕਰਨ ਦੇ ਸਮਰੱਥ ਹੋ ਸਕੇ ਹਾਂ ਜਿਸ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਫ਼ਤਰ ਦੀ ਸਮੁੱਚੀ ਟੀਮ ਦੀ ਕੀਤੀ ਗਈ ਸਖ਼ਤ ਮਿਹਨਤ ਵੀ ਸਲਾਹੁਣਯੋਗ ਹੈ।
Spread the love