ਨਸ਼ਿਆਂ `ਤੇ ਠੱਲ੍ਹ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਵੱਲੋਂ ਕਾਰਵਾਈ, ਸਾਢੇ 4 ਸਾਲਾਂ `ਚ 1785 ਤਸਕਰ ਕੀਤੇ ਕਾਬੂ

Sorry, this news is not available in your requested language. Please see here.

ਨਸ਼ੇ ਦੀ ਸਪਲਾਈ ਚੇਨ ਤੋੜਨ ਲਈ ਟੀਮਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਚੈਕਿੰਗਾਂ
ਫ਼ਾਜ਼ਿਲਕਾ, 24 ਜੂਨ 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਦੇ ਮੰਤਵ ਤਹਿਤ ਫ਼ਾਜ਼ਿਲਕਾ ਪੁਲਿਸ ਵੱਲੋਂ ਸਮੇਂ-ਸਮੇਂ `ਤੇ ਕਾਰਵਾਈਆਂ ਕਰਦਿਆਂ ਨਸ਼ਾ ਤਸਕਰਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਹੈ।ਇਸ ਦੇ ਨਾਲ-ਨਾਲ ਮਾਮਲੇ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਦੀਪਕ ਹਿਲੌਰੀ ਨੇ ਦਿੱਤੀ।ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਲੱਕ ਤੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰਥਕ ਹੰਭਲੇ ਮਾਰੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫ਼ਾਜ਼ਿਲਕਾ ਸ਼੍ਰੀ ਦੀਪਕ ਹਿਲੋਰੀ ਨੇ ਦੱਸਿਆ ਕਿ ਪਿਛਲੇ ਸਾਢੇ 4 ਸਾਲਾਂ `ਚ ਨਸ਼ਾ ਤਸਕਰੀ ਦੇ ਵੱਖ-ਵੱਖ 1294 ਮਾਮਲੇ ਦਰਜ ਕੀਤੇ ਗਏ ਅਤੇ 1785 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਕੋਲੋਂ ਇਸ ਸਮੇਂ ਦੌਰਾਨ 100 ਕਿੱਲੋ 510 ਗ੍ਰਾਮ ਹੈਰੋਇਨ, 5 ਗ੍ਰਾਮ ਸਮੈਕ, 76 ਕਿੱਲੋ 619 ਗ੍ਰਾਮ ਅਫ਼ੀਮ, 8677 ਕਿੱਲੋ 140 ਗ੍ਰਾਮ ਭੁੱਕੀ, 37 ਕਿੱਲੋ 290 ਗ੍ਰਾਮ ਗਾਂਜਾ, 1 ਕਿਲੋ 477 ਗ੍ਰਾਮ ਨਾਰਕੋਟਿਕਸ ਪਾਊਡਰ, 10 ਲਿਟਰ ਨਸ਼ੀਲਾ ਘੋਲ, 194 ਬੌਤਲਾਂ, 205 ਟੀਕੇ ਅਤੇ 1605298 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ।ਇਸ ਤੋਂ ਇਲਾਵਾ 16 ਲੱਖ 5 ਹਜ਼ਾਰ 697 ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਅਤੇ ਤਸਕਰੀ ਰੋਕਣ ਲਈ ਗੁਆਂਢੀ ਸੂਬਿਆਂ ਤੋਂ ਆਉਂਦੇ ਰਸਤਿਆਂ `ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਦੋ ਪਹੀਆ ਵਾਹਨਾਂ, ਬੱਸਾਂ, ਟਰੱਕਾਂ ਅਤੇ ਜੀਪਾਂ/ਕਾਰਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਨਸ਼ਿਆਂ ਅਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਉਥੇ ਰਹਿੰਦੇ ਨਸ਼ਾ ਤਸਕਰਾਂ ਵਿਰੁੱਧ ਸਾਂਝੇ ਆਪ੍ਰੇਸ਼ਨ ਚਲਾਉਣ ਲਈ ਕਾਰਵਾਈਆਂ ਆਰੰਭੀਆਂ ਜਾ ਰਹੀਆਂ ਹਨ।

Spread the love