— ਅਜਿਹੇ ਕਿਸਾਨਾਂ ਨੇ ਨਾ ਕੇਵਲ ਵਾਤਾਵਰਨ ਬਚਾਇਆ ਸਗੋਂ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਦੀ ਵੀ ਕੀਤੀ ਸੰਭਾਲ
— ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਨ ਦੀ ਰੱਖਿਆ ਕਰਨ ਵਾਲੇ ਕਿਸਾਨਾਂ ਦਾ ਧੰਨਵਾਦ
ਫਾਜਿਲ਼ਕਾ, 13 ਨਵੰਬਰ:
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਉਨ੍ਹਾਂ ਵਾਤਾਵਰਨ ਦੇ ਰਾਖੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰ ਲਈ ਹੈ ਜਾਂ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਹ ੳਹ ਕਿਸਾਨ ਹਨ ਜਿੰਨ੍ਹਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਬੀਜ ਕੇ ਨਾ ਕੇਵਲ ਵਾਤਾਵਰਨ ਨੂੰ ਪ੍ਰਦੁਸਿ਼ਤ ਹੋਣ ਤੋਂ ਬਚਾਇਆ ਹੈ ਸਗੋਂ ਇੰਨ੍ਹਾਂ ਕਿਸਾਨਾਂ ਨੇ ਆਪਣੀ ਜਮੀਨ ਨੂੰ ਵੀ ਬੰਜਰ ਹੋਣ ਤੋਂ ਬਚਾਇਆ ਹੈ। ਜਿਸਦਾ ਸਿੱਧਾ ਅਸਰ ਉਨ੍ਹਾਂ ਦੀ ਜਮੀਨ ਤੋਂ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ ਦੌਰਾਨ ਮਿਲਣ ਵਾਲੀ ਫਸਲ ਦੇ ਝਾੜ ਤੇ ਪਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦ ਪਰਾਲੀ ਨੂੰ ਸਾੜਿਆਂ ਜਾਂਦਾ ਹੈ ਤਾਂ ਇਸ ਨਾਲ ਪਰਾਲੀ ਦੇ ਰੂਪ ਵਿਚ ਪੌਸ਼ਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਰਾਲੀ ਸਾਡੀ ਜਮੀਨ ਵਿਚੋਂ ਪੋਸ਼ਕ ਤੱਤ ਲੈ ਕੇ ਹੀ ਪੈਦਾ ਹੋਈ ਸੀ ਅਤੇ ਜੇਕਰ ਇਸ ਨੂੰ ਸਾੜ ਦਿੱਤਾ ਜਾਂਦਾ ਹੈ ਤਾਂ ਇਹ ਤੱਤ ਪ੍ਰਦੂਸਿ਼ਤ ਧੂੰਆ ਬਣ ਕੇ ਉੱਡ ਜਾਂਦੇ ਹਨ ਪਰ ਜੇਕਰ ਇਸ ਨੂੰ ਖੇਤ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰ ਦਿੱਤੀ ਜਾਵੇ ਤਾਂ ਇਸ ਨਾਲ ਇਹ ਸਾਰੇ ਤੱਤ ਜਮੀਨ ਵਿਚ ਵਾਪਸ ਚਲੇ ਜਾਂਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਕਿਸਾਨਾਂ ਲਈ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਹੀ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਨਾਲ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨਾ ਹੀ ਸਭ ਤੋਂ ਲਾਭਕਾਰੀ ਤਰੀਕਾ ਹੈ। ਕਿਉਂਕਿ ਜੇਕਰ ਅਸੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਵੀ ਚੁਕਵਾ ਦਿੰਦੇ ਹਾਂ ਤਾਂ ਵੀ ਪੌਸ਼ਕ ਤੱਤ ਵਾਪਿਸ ਜਮੀਨ ਨੂੰ ਨਹੀਂ ਮਿਲਦੇ ਹਨ। ਇਸ ਲਈ ਕਿਸਾਨ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਕਣਕ ਦੀ ਬਿਜਾਈ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਹੀ ਕਣਕ ਦੀ ਬਿਜਾਈ ਕਰਨ।