ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ 4 ਕਰੋੜ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਦੋਵੇਂ ਇਮਾਰਤਾਂ
ਹਲਕਾ ਵਾਸੀਆਂ ਨੂੰ ਮਿਲਣਗੀਆਂ ਆਧੁਨਿਕ ਮੈਡੀਕਲ ਸਹੂਲਤਾਂ
ਫਿਰੋਜ਼ਪੁਰ 10 ਜੂਨ 2021 ਪ੍ਰਾਈਮਰੀ ਹੈਲਥ ਸੈਂਟਰ ਮੱਲਾਵਾਲਾ ਅਤੇ ਕਸੋਆਨਾ ਵਿਖੇ 2-2 ਕਰੋੜ ਦੀ ਲਾਗਤ ਨਾਲ ਨਵੀਆਂ ਇਮਾਰਤਾਂ ਬਣਾਉਣ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਸਬੰਧੀ ਵੀਰਵਾਰ ਨੂੰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ: ਗੁਰਪਾਲ ਸਿੰਘ ਚਾਹਲ, ਐਸਡੀਐਮ ਜ਼ੀਰਾ ਰਣਜੀਤ ਸਿੰਘ, ਪ੍ਰਬੰਧਕ ਨਿਦੇਸ਼ਕ ਕੈਲਾਸ਼ ਰਾਠੋਰ ਵੀ ਮੌਜੂਦ ਸਨ।
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਪ੍ਰਾਈਮਰੀ ਹੈਲਥ ਸੈਂਟਰ ਮੱਲਾਵਾਲਾ ਅਤੇ ਕਸੋਆਨਾ ਦੀਆਂ ਇਮਾਰਤਾਂ ਜੋ ਕਿ ਲਗਭਗ 70 ਸਾਲ ਪੁਰਾਣੀਆਂ ਸਨ। ਇਸ ਲਈ ਇੱਥੇ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਇਮਾਰਤਾਂ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆਂ ਲਿਮਿਟਡ ਦੇ ਸਹਿਯੋਗ ਨਾਲ ਕਰੀਬ 4 ਕਰੋੜ ਦੀ ਲਾਗਤ ਨਾਲ ਬਣਾਈਆਂ ਜਾਣੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਲਈ ਟੈਂਡਰ ਦੀ ਪ੍ਰਕਿਰੀਆਂ ਹੋ ਚੁੱਕੀ ਹੈ ਅਤੇ ਇਸੇ ਹਫਤੇ ਹੀ ਇਸ ਇਮਾਰਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਅਗਲੇ 6 ਮਹੀਨਿਆਂ ਤੱਕ ਇਹ ਇਮਾਰਤਾਂ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਮਾਰਤਾ ਬਣਨ ਦੇ ਨਾਲ ਇਸ ਵਿਚ ਲੋੜੀਂਦੇ ਮੈਡੀਕਲ ਉਪਕਰਣ ਲਿਆਂਦੇ ਜਾਣਗੇ ਅਤੇ ਲੋੜ ਅਨੁਸਾਰ ਡਾਕਟਰ ਵੀ ਭਰਤੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੇ ਬਣਨ ਨਾਲ ਹਲਕਾ ਵਾਸੀਆਂ ਨੂੰ ਵਧੀਆ ਤੇ ਆਧੁਨਿਕ ਮੈਡੀਕਲ ਸਹੂਲਤਾਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਵਾਸੀਆਂ ਲਈ ਹੋਰ ਵੀ ਪ੍ਰਾਜੈਕਟ ਲਿਆਂਦੇ ਜਾਣਗੇ ਤਾਂ ਜੋ ਲੋਕਾਂ ਨੂੰ ਵੱਡੇ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾ ਇੱਥੇ ਹੀ ਮੁਹੱਈਆ ਕਰਵਾਈਆਂ ਜਾ ਸਕਣ।