ਤਰਨ ਤਾਰਨ, 06 ਨਵੰਬਰ :
ਸ਼੍ਰੀ ਰਾਜ ਕੁਮਾਰ ਹੰਸ, ਸ਼੍ਰੀ ਦਰਸ਼ਨ ਸਿੰਘ ਕੋਟ ਕਰਾਰ ਖਾਂ ਅਤੇ ਸ਼੍ਰੀ ਦੀਪਕ ਕੁਮਾਰ ਮਾਨਯੋਗ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅੱਜ ਪਿੰਡ ਝੁੱਗੀਆਂ ਕਾਲੂ, ਤਹਿਸੀਲ ਪੱਟੀ, ਜਿ਼ਲ੍ਹਾ ਤਰਨਤਾਰਨ ਦਾ ਸ੍ਰੀ ਕਸ਼ਮੀਰ ਸਿੰਘ, ਜਗੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸ ਿਪਿੰਡ ਝੁੱਗੀਆਂ ਕਾਲੂ, ਤਹਿਸੀਲ ਪੱਟੀ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ ।
ਮਾਨਯੋਗ ਮੈਂਬਰ ਸਹਿਬਾਨ ਵੱਲੋਂ ਪੀੜਤ ਵਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ‘ਤੇ ਦੱਸਿਆ ਗਿਆ ਕਿ ਉਸ ਦੀ ਜ਼ਮੀਨ ਪਿੰਡ ਝੁੱਗੀਆਂ ਕਾਲੂ ਸਬ ਤਹਿਸੀਲ ਖੇਮਕਰਨ ਵਿੱਚ 36 ਕਲਾਨ 19 ਮਰਲੇ ਹੈ, ਦਾ ਕੇਸ ਮਾਨਯੋਗ ਅਦਾਲਤ ਸ਼੍ਰੀ ਗੁਰਿੰਦਰਪਾਲ ਸਿੰਘ ਸਿਵਲ ਜੱਜ ਪੱਟੀ ਵਿੱਚ ਚੱਲ ਰਿਹਾ ਹੈ, ਜਿਸ ਤੇ ਮਿਤੀ 8.11.2019 ਨੂੰ ਸਟੇਟ ਆਰਡਰ ਜਾਰੀ ਹੋਇਆ ਹੈ।ਇਸ ਸਟੇਅ ਆਰਡਰ ਦੇ ਬਾਵਜੂਦ ਮਿਤੀ 15.11.2019 ਨੂੰ ਦੋਸ਼ੀਆਨ ਵੱਲੋਂ ਉਸ ਦੀ ਜ਼ਮੀਨ ਵਿੱਚ ਆ ਕੇ ਕਣਕ ਦੀ ਬੀਜੀ ਹੋਈ ਫਸਲ ਦਾ ਨੁਕਸਾਨ ਕੀਤਾ ਅਤੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਹਥਿਆਰਾਂ ਨਾਲ ਲੈੱਸ ਹੋ ਕੇ ਜ਼ਮੀਨ ਵਿੱਚ ਖੜ੍ਹ ਕੇ ਲਲਕਾਰੇ ਮਾਰਦੇ ਰਹੇ ਅਤੇ ਦੋਸ਼ੀਆਂ ਨੇ ਉਸ ਦੀ ਪਤਨੀ ਦਲਬੀਰ ਕੌਰ ਦੇ ਗੁੱਝੀਆਂ ਸੱਟਾਂ ਵੀ ਮਾਰੀਆਂ ਅਤੇ ਐਲਾਨੀਆਂ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਤੁਸੀਂ ਉਹਨਾਂ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਕੀਤੀ ਤਾਂ ਉਹਨਾਂ ਤੋਂ ਬੁਰਾ ਕੋਈ ਨਹੀਂ ਹੋਵੇਗਾ ਅਤੇ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ ਅਤੇ ਉਹਨਾਂ ਦੀ ਜ਼ਮੀਨ ਤੇ ਕਬਜਾ ਕਰ ਲੈਣਗੇ।ਇਸ ਕਰਕੇ ਉਸ ਨੂੰ ਇਹਨਾਂ ਦੋਸ਼ੀਆਂ ਤੋਂ ਜਾਨੀ ਤੇ ਮਾਲੀ ਨੁਕਸਾਨ ਦਾ ਖਤਰਾ ਰਹਿੰਦਾ ਹੈ।
ਕਸ਼ਮੀਰ ਸਿੰਘ ਨੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਾਨੂੰਨੀ ਤਰੀਕੇ ਨਾਲ ਕੰਪਿਊਟਰ ਨਾਲ ਕਰਵਾਈ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ। ਇਸ ‘ਤੇ ਮਾਨਯੋਗ ਮੈਂਬਰ ਸਾਹਿਬਾਨ ਨੇ ਉੱਪ ਮੰਡਲ ਮੈਜਿਸਟਰੇਟ ਪੱਟੀ, ਬੀ. ਡੀ. ਪੀ. ਓ, ਵਲਟੋਹਾ ਅਤੇ ਤਹਿਸੀਲਦਾਰ ਖੇਮਕਰਨ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਆਦੇਸ਼ ਦਿੱਤੇ ਕਿ 18 ਨਵੰਬਰ, 2020 ਤੱਕ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਉਪਰੰਤ ਰਿਪੋਰਟ 25 ਨਵੰਬਰ 2020 ਤੱਕ ਉੱਪ ਮੰਡਲ ਮੈਜਿਸਟਰੇਟ, ਪੱਟੀ ਈ-ਮੇਲ ਰਾਹੀਂ ਉਹਨਾਂ ਦੇ ਦਫਤਰ ਭੇਜਣਗੇ।
ਇਸ ਮੌਕੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉੱਪ ਮੰਡਲ ਮੈਜਿਸਟਰੇਟ, ਪੱਟੀ, ਬੀ. ਡੀ. ਪੀ. ਓ, ਵਲਟੋਹਾ, ਤਹਿਸੀਲਦਾਰ ਖੇਮਕਰਨ ਅਤੇ ਸ਼੍ਰੀ ਰਾਜਨਦੀਪ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਪੱਟੀ ਆਦਿ ਹੋਰ ਅਧਿਕਾਰੀ ਹਾਜ਼ਰ ਸਨ।