ਮੁੱਖ ਮੰਤਰੀ ਨੇ ਵਰਚੂਅਲ ਸਮਾਗਮ ਦੌਰਾਨ ਕੀਤਾ ਸਕੀਮ ਦਾ ਅਗਾਜ
ਫਾਲਿ਼ਜਕਾ ਜਿਲ਼੍ਹੇ ਵਿਚ ਹਰ ਮਹੀਨੇ ਵੰਡੀ ਜਾਇਆ ਕਰੇਗੀ 17.27 ਕਰੋੜ ਰੁਪਏ ਦੀ ਪੈਨਸ਼ਨ
ਵਿਧਾਇਕਾਂ ਨੇ ਆਪੋ ਆਪਣੇ ਖੇਤਰਾਂ ਵਿਚ ਪੈਨਸ਼ਨਾਂ ਦੇ ਚੈਕ ਤਕਸੀਮ ਕੀਤੇ
ਫਾਜਿ਼ਲਕਾ, 31 ਅਸਗਤ 2021
ਪੰਜਾਬ ਸਰਕਾਰ ਵੱਲੋਂ 1 ਜ਼ੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸ਼ਨ ਵੰਡਣ ਦੀ ਪ੍ਰਕ੍ਰਿਆ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਰਚੂਅਲ ਸਮਾਗਮ ਦੌਰਾਨ ਸ਼ੁਰੂ ਕਰਵਾਈ। ਇਸ ਦੌਰਾਨ ਜਿ਼ਲ੍ਹਾ ਪੱਧਰ ਤੇ ਹੋਏ ਸਮਾਗਮ ਵਿਚ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜਦ ਕਿ ਜਲਾਲਾਬਾਦ ਦੇ ਵਿਧਾਇਕ ਸ: ਰਮਿੰਦਰ ਸਿੰਘ ਆਵਲਾਂ ਅਤੇ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ ਨੇ ਵੀ ਆਪੋ ਆਪਣੇ ਹਲਕੇ ਦੇ ਪਿੰਡਾਂ ਵਿਚ ਪੈਨਸ਼ਨਾਂ ਦੇ ਚੈਕ ਲਾਭਪਾਤਰੀਆਂ ਨੂੰ ਵੰਡ ਕੇ ਸਕੀਮ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਜ਼ੁਲਾਈ ਤੋਂ ਬਾਅਦ ਤੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਪੰਗਤਾ ਪੈਨਸ਼ਨ ਅਤੇ ਆਸ਼ਰਿਤ ਪੈਨਸ਼ਨ 750 ਰੁਪਏ ਦੀ ਥਾਂ ਤੇ 1500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਹਰ ਮਹੀਨੇ 400 ਕਰੋੜ ਰੁਪਏ ਅਤੇ ਹਰ ਸਾਲ 4800 ਕਰੋੜ ਰੁਪਏ ਦੀ ਰਕਮ ਸਰਕਾਰ ਪੈਨਸ਼ਨਾਂ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਭੇਜਿਆ ਕਰੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ ਮਾਫੀ ਤੇ 4700 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦ ਕਿ ਔਰਤਾਂ ਨੂੰ ਬਸ ਕਿਰਾਏ ਵਿਚ ਮਾਫੀ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਵਿਚ ਔਰਤਾਂ ਲਈ 50 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਦਾ ਰਾਖਵਾਂਕਰਨ ਵੀ ਸੂਬਾ ਸਰਕਾਰ ਨੇ ਦਿੱਤਾ ਹੈ।
ਇਸ ਤੋਂ ਪਹਿਲਾਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।
ਓਧਰ ਜਿ਼ਲ੍ਹਾ ਪੱਧਰੀ ਸਮਾਗਮ ਤੋਂ ਇਸ ਆਨਲਾਈਨ ਸਮਾਗਮ ਵਿਚ ਜ਼ੁੜੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ 1,15,183 ਲਾਭਪਾਤਰੀ ਹਨ ਜਿੰਨ੍ਹਾਂ ਨੂੰ ਵਧੀ ਹੋਈ ਦਰ ਨਾਲ ਹਰ ਮਹੀਨੇ 17 ਕਰੋੜ 27 ਲੱਖ 74 ਹਜਾਰ 500 ਰੁਪਏ ਦੀ ਪੈਨਸ਼ਨ ਮਿਲਿਆ ਕਰੇਗੀ।ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਵਿਚ 76417 ਲਾਭਪਾਤਰੀ ਬੁੱਢਾਪਾ ਪੈਨਸ਼ਨ, 20223 ਵਿਧਵਾ ਪੈਨਸ਼ਨ, 10858 ਦਿਵਿਆਂਗ ਅਤੇ 7685 ਆਸ਼ਰਿਤ ਬੱਚੇ ਹਨ।ਉਨ੍ਹਾਂ ਨੇ ਦੱਸਿਆ ਕਿ ਚੈਕ ਰਾਹੀਂ ਸਿਰਫ ਕੁਝ ਲਾਭਪਾਤਰੀਆਂ ਨੂੰ ਹੀ ਪੈਨਸ਼ਨ ਵੰਡੀ ਗਈ ਹੈ ਜਦ ਕਿ ਬਾਕੀ ਸਭ ਲਾਭਪਾਤਰੀਆਂ ਨੂੰ ਜ਼ੁਲਾਈ ਮਹੀਨੇ ਦੀ ਪੈਨਸਨ ਪਹਿਲਾਂ ਵਾਂਗ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜ਼ ਦਿੱਤੀ ਜਾਵੇਗੀ।
ਇਸ ਮੌਕੇ ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਬਲਬੀਰ ਸਿੰਘ ਦਾਣੇਵਾਲੀਆਂ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਚੇਅਰਮੈਨ ਸ: ਸੁਖਵੰਤ ਸਿੰਘ ਬਰਾੜ, ਜਿ਼ਲ੍ਹਾ ਭਲਾਈ ਅਫ਼ਸਰ ਹਰਦੀਪ ਕੌਰ, ਡੀਸੀਪੀਓ ਸ੍ਰੀਮਤੀ ਰੀਤੂ, ਸ੍ਰੀ ਬ੍ਰਿਜ ਲਾਲ ਸੀਨਿਅਰ ਵਾਇਸ ਚੇਅਰਮੈਨ ਪ੍ਰਜਾਪਤ ਸਮਾਜ, ਸ੍ਰੀ ਕਰਮਜੀਤ ਸਿੰਘ ਸੀਨਿਅਰ ਵਾਇਸ ਚੇਅਰਮੈਨ ਰਾਏ ਸਿੱਖ ਸਮਾਜ, ਦਰਸ਼ਨ ਸਿੰਘ ਵਾਇਸ ਚੇਅਰਮੈਨ ਰਾਮਗੜ੍ਹੀਆਂ ਸਮਾਜ ਬੋਰਡ, ਮਨਦੀਪ ਕੁਮਾਰ ਵੀ ਹਾਜਰ ਸਨ।