ਬਾਗਬਾਨੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ‘ਚ ਪਲੇਠਾ ਅਮਰੂਦ ਫ਼ੈਸਟੀਵਲ

Sorry, this news is not available in your requested language. Please see here.

ਫ਼ੈਸਟੀਵਲ ਦਾ ਮੁੱਖ ਮਕਸਦ ਕਿਸਾਨਾਂ ਨੂੰ ਬਾਗਬਾਨੀ ਵੱਲ ਉਤਸ਼ਾਹਤ ਕਰਨਾ : ਡਿਪਟੀ ਕਮਿਸ਼ਨਰ
ਇਕ ਜ਼ਿਲ੍ਹਾ ਇਕ ਉਤਪਾਦ ਤਹਿਤ ਅਮਰੂਦ ਤੋਂ ਬਣੇ ਪਦਾਰਥਾਂ ਨੇ ਲੋਕਾਂ ਨੂੰ ਕੀਤਾ ਆਕਰਸ਼ਤ
ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕੀਤੇ ਸਮਾਨ ਲਈ ਅਜਿਹੇ ਮੇਲੇ ਜ਼ਰੂਰੀ : ਡਾ. ਪ੍ਰੀਤੀ ਯਾਦਵ
ਪਟਿਆਲਾ, 26 ਅਗਸਤ 2021
ਇਕ ਜ਼ਿਲ੍ਹਾ ਇਕ ਉਤਪਾਦ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਅਮਰੂਦਾਂ ਤੋਂ ਬਣਨ ਵਾਲੇ ਪਦਾਰਥਾਂ ਲਈ ਚੁਣਿਆ ਗਿਆ ਹੈ, ਜਿਸ ਨੂੰ ਉਤਸ਼ਾਹਤ ਕਰਨ ਲਈ ਅੱਜ ਬਾਗਬਾਨੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਰਾਂਦਰੀ ਬਾਗ ਪਟਿਆਲਾ ਵਿਖੇ ਪਲੇਠਾ ਅਮਰੂਦ ਫ਼ੈਸਟੀਵਲ ਕਰਵਾਇਆ। ਇਸ ਵਿੱਚ ਅਗਾਂਹਵਧੂ ਕਿਸਾਨਾਂ ਨੇ ਅਮਰੂਦ ਦੇ ਫਲ ਤੋਂ ਬਣੇ ਪਦਾਰਥਾਂ ਦੀ ਪ੍ਰਦਰਸ਼ਨੀ ਲਗਾਈ, ਜਿਸ ਨੇ ਪਟਿਆਲਾ ਵਾਸੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਨ ‘ਚ ਕਾਮਯਾਬੀ ਹਾਸਲ ਕੀਤੀ।
ਅਮਰੂਦ ਫ਼ੈਸਟੀਵਲ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਦੀ ਵਿਧੀਵਤ ਯੋਜਨਾ ‘ਚ ਪਟਿਆਲਾ ਜ਼ਿਲ੍ਹੇ ਦੀ ਚੋਣ ਅਮਰੂਦ ਦੇ ਫਲ ਤੋਂ ਬਣਨ ਵਾਲੇ ਪਦਾਰਥਾਂ ਲਈ ਕੀਤੀ ਗਈ ਹੈ ਤੇ ਅੱਜ ਇਸ ਫ਼ੈਸਟੀਵਲ ‘ਚ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਅਮਰੂਦ ਤੋਂ ਬਣੇ ਸ਼ਰਬਤ, ਚਟਨੀ, ਮਿਠਾਈ ਅਤੇ ਅਮਰੂਦ ਤੋਂ ਬਣੀਆਂ ਕੈਂਡੀਜ਼ ਸਮੇਤ ਅਜਿਹੇ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ ਜੋ ਜ਼ਿਲ੍ਹੇ ‘ਚ ਅਮਰੂਦ ਦੇ ਬਾਗਾਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਇਸ ਤੋਂ ਬਣਨ ਵਾਲੇ ਪਦਾਰਥਾਂ ਦੀ ਪ੍ਰੋਸੈਸਿੰਗ ਆਧਾਰਿਤ ਸਨਅਤ ਨੂੰ ਵੀ ਹੁਲਾਰਾ ਦੇਣਗੇ।
ਉਨ੍ਹਾਂ ਕਿਹਾ ਕਿ ਫ਼ੈਸਟੀਵਲ ਦਾ ਮੁੱਖ ਮੰਤਵ ਵਿਭਾਗਾਂ, ਕਿਸਾਨਾਂ ਤੇ ਇੰਡਸਟਰੀ ਦਾ ਆਪਸ ‘ਚ ਤਾਲਮੇਲ ਬਣਾਉਣਾ ਹੈ ਤਾਂ ਜੋ ਓ.ਡੀ.ਓ.ਪੀ (ਇਕ ਜ਼ਿਲ੍ਹਾ ਇਕ ਉਤਪਾਦ) ਸਕੀਮ ਨੂੰ ਜ਼ਿਲ੍ਹੇ ‘ਚ ਕਾਮਯਾਬ ਕੀਤਾ ਜਾ ਸਕੇ ਅਤੇ ਅਮਰੂਦ ਉਤਪਾਦਕਾਂ ਨੂੰ ਇੰਡਸਟਰੀ ਅਤੇ ਫੂਡ ਪ੍ਰੋਸੈਸਿੰਗ ਕੰਪਨੀਆਂ ਨਾਲ ਜੋੜਿਆ ਜਾ ਸਕੇ, ਤਾਂ ਜੋ ਅਮਰੂਦ ਤੋਂ ਬਣਨ ਵਾਲੇ ਪਦਾਰਥਾਂ ਦੀ ਵੱਡੇ ਪੱਧਰ ‘ਤੇ ਮਾਰਕੀਟਿੰਗ ਕੀਤੀ ਜਾ ਸਕੇ।
ਇਸ ਮੌਕੇ ਸੈਮੀਨਾਰ ਦੌਰਾਨ ਡਾਇਰੈਕਟਰ ਬਾਗਬਾਨੀ ਡਾ. ਗੁਲਾਬ ਸਿੰਘ ਗਿੱਲ ਨੇ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਅਮਰੂਦ ਤੋਂ ਪਦਾਰਥਾਂ ਬਣਾਉਣ ਲਈ ਉਦਮੀਆਂ ਨੂੰ ਬੁਨਿਆਦੀ ਢਾਂਚਾ ਜਿਵੇ ਬਿਲਡਿੰਗ, ਗੋਦਾਮ, ਕੋਲਡ ਸਟੋਰ, ਪ੍ਰੋਸੈਸਿੰਗ ਯੂਨਿਟ ਲਈ 35 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅਜਿਹੇ ਮੇਲੇ ਅਗਾਂਹਵਧੂ ਕਿਸਾਨਾਂ ਲਈ ਜਿਥੇ ਨਵੇਂ ਰਾਹ ਪੈਦਾ ਕਰਦੇ ਹਨ, ਉਥੇ ਹੀ ਰਵਾਇਤੀ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਹੋਰਨਾਂ ਕਿੱਤਿਆਂ ਨੂੰ ਸ਼ੁਰੂ ਕਰਨ ਲਈ ਉਤਸ਼ਾਹਤ ਕਰਨ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਥਾਨਾਂ ‘ਤੇ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਨਾਲ ਹੀ ਮਾਹਰਾਂ ਦੇ ਲੈਕਚਰ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਹੱਲ ਵੀ ਕਰਦੇ ਹਨ। ਇਸ ਮੌਕੇ ਅਮਰੂਦ ਦੀ ਕਾਸ਼ਤ, ਮਾਰਕੀਟਿੰਗ ਦੇ ਪ੍ਰੋਸੈਸਿੰਗ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਮਾਹਰਾਂ ਵੱਲੋਂ ਕੰਮ ਕਰ ਰਹੇ ਕਿਸਾਨਾਂ ਅਤੇ ਕੰਮ ਸ਼ੁਰੂ ਕਰਨ ਵਾਲੇ ਕਿਸਾਨਾਂ ਨੂੰ ਇਸ ਦੀਆਂ ਬਾਰੀਕੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਅਮਰੂਦ ਫ਼ੈਸਟੀਵਲ ਦੌਰਾਨ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਤੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਮਾਹਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਅਮਰੂਦ ਤੋਂ ਬਣੇ ਪਦਾਰਥਾਂ ਤੋਂ ਇਲਾਵਾ ਗੁਲਾਬ ਤੋਂ ਬਣੇ ਪਦਾਰਥ, ਸਟਰਾਅ ਬੇਰੀ ਤੋਂ ਬਣੇ ਪਦਾਰਥ, ਸ਼ਹਿਦ, ਆਰਸੇਟੀ ਦਾ ਦਸਤਕਾਰੀ ਸਾਮਾਨ, ਬਿਨਾਂ ਕਿਸੇ ਕੀਟਨਾਸ਼ਕ ਦੀ ਵਰਤੋਂ ਤੋਂ ਤਿਆਰ ਸਾਮਾਨ, ਗਲੂਟਨ ਫਰੀ ਪਦਾਰਥ, ਫਲਾਂ ਤੋਂ ਬਣੇ ਪਦਾਰਥ, ਇਨੋਵੇਟਿਵ ਫੂਡ ਪ੍ਰੋਸੈਸਿੰਗ ਮਸ਼ੀਨ ਦੀਆਂ ਲੱਗੀਆਂ ਪ੍ਰਦਰਸ਼ਨੀ ਨੇ ਵੀ ਕਿਸਾਨਾਂ ਤੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ। ਜਦਕਿ ਮੱਛੀ ਪਾਲਣ ਵਿਭਾਗ, ਨਾਬਾਰਡ, ਐਸ.ਬੀ.ਆਈ, ਉਦਯੋਗ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਸਮੇਤ ਵਜ਼ੀਦਪੁਰ ਵਿਖੇ ਬਣਾਈ ਜਾ ਰਹੀ ‘ਗਾਵਾ ਸਟੇਟ’ ਸਬੰਧੀ ਵੀ ਹਾਜ਼ਰ ਲੋਕਾਂ ਨੂੰ ਦੱਸਿਆ ਗਿਆ ਅਤੇ ਅਮਰੂਦਾਂ ਦੀਆਂ ਕਿਸਮਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਸਮਾਗਮ ਦੌਰਾਨ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਬਣਾਏ ‘ਗਾਵਾ ਫਨ ਜ਼ੋਨ ਤੇ ਸੈਲਫ਼ੀ ਪੁਆਇੰਟ’ ਨੇ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ।
ਫ਼ੈਸਟੀਵਲ ‘ਚ ਸ਼ਾਮਲ ਹੋਏ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਸਤੰਬਰ ਮਹੀਨੇ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਅਤੇ ਸਕਿੱਲ ਡਿਵੈਲਪਮੈਂਟ ਕੋਰਸ ਸਬੰਧੀ ਵੀ ਸਟਾਲ ਲਗਾਕੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ. ਪਾਤੜਾਂ ਸ. ਅੰਕੁਰਜੀਤ ਸਿੰਘ (ਵਾਧੂ ਚਾਰਜ ਦੁਧਨਸਾਧਾਂ), ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਿਰਵੰਤ ਸਿੰਘ, ਬਾਗਬਾਨੀ ਅਫ਼ਸਰ ਕੁਲਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਪਟਿਆਲਾ ਵਾਸੀ ਮੌਜੂਦ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਮਰੂਦ ਫ਼ੈਸਟੀਵਲ ਦੌਰਾਨ ਸਟਾਲਾਂ ਦਾ ਦੌਰਾ ਕਰਦੇ ਸਮੇਂ ਅਗਾਂਹਵਧੂ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਦੇ ਨਾਲ ਏ.ਡੀ.ਸੀ ਡਾ. ਪ੍ਰੀਤੀ ਯਾਦਵ ਵੀ ਨਜ਼ਰ ਆ ਰਹੇ ਹਨ।

Spread the love