ਕੀਤੇਮਾਰ ਦਵਾਈਆਂ ਦੇ ਵਿਕਰੇਤਾਵਾਂ ਨਾਲ ਕੀਤੀ ਗਈ ਮੀਟਿੰਗ
ਬਰਨਾਲਾ, 13 ਜੁਲਾਈ 2021
ਬਾਸਮਤੀ ਦੀ ਗੁਣਵਤਾ ਵਧਾਉਣ ਲਈ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿਗਦੇ ਮਿਆਰ ਨੂੰ ਸੰਭਾਲਣ ਲਈ ਇੱਕ ਮੁਹਿੰਮ ਵਿੱਢੀ ਗਈ ਹੈ, ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਅਤੇ ਡੀਲਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਡਾ. ਚਰਨਜੀਤ ਸਿੰਘ ਕੈਂਥ, ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ ਪੈਸਟੀਸਾਈਡ ਡੀਲਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਾ. ਕੈਂਥ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਬਾਸਮਤੀ ਤੇ ਬੈਨ ਕੀਤੀਆਂ 9 ਕੀੜੇਮਾਰ ਜਹਿਰਾਂ ਨਾ ਰੱਖਣ ਤੇ ਨਾ ਹੀ ਵੇਚਣ, ਕਿਉਂਕਿ ਇਹ ਪੈਸਟੀਸਾਈਡਜ਼/ਫੰਗੀਸਾਈਡਜ਼ ਦੀ ਗੁਣਵਤਾ ਤੇ ਕੁਆਲਿਟੀ ਨੂੰ ਘਟਾਉਂਦੀਆਂ ਹਨ, ਜਿਸ ਕਾਰਨ ਬਾਸਮਤੀ ਦਾ ਰੇਟ ਨਹੀਂ ਵੱਧ ਰਿਹਾ।ਇਸ ਲਈ ਕੀੜੇਮਾਰ ਦਵਾਈਆਂ ਦੇ ਵਿਕਰੇਤਾ ਇਹ 9 ਕੀੜੇਮਾਰ ਜਹਿਰਾਂ (ਐਸੀਫੇਟ, ਬੁਪਰੋਫੇਜਿਨ, ਟ੍ਰਾਈਜੋਫ਼ਾਸ, ਕਾਰਬੋਫਿਊਰੋਨ, ਥਾਇਆਮਿਥੋਕਸਨ, ਪ੍ਰੋਪੀਕੋਨਾਜੋਲ, ਕਾਰਬੈਂਡਾਇਜਮ, ਥਾਇਓਫੀਨੇਟ ਮਿਥਾਇਲ, ਟ੍ਰਾਈਸਾਈਕੋਲਾਜੋਲ) ਦਵਾਈਆਂ ਬਾਸਮਤੀ ਵਾਸਤੇ ਬਿਲਕੁੱਲ ਨਾ ਵੇਚਣ ਸਗੋਂ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਪ੍ਰਮਾਣਿਤ ਕੀੜੇਮਾਰ ਦਵਾਈਆਂ ਹੀ ਵੇਚੀਆਂ ਜਾਣ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨ ਨੂੰ ਕਿਸੇ ਵੀ ਇਨਪੁੱਟ ਦੀ ਖਰੀਦ ਤੇ ਉਨ੍ਹਾਂ ਨੂੰ ਪੱਕਾ ਬਿੱਲ ਜ਼ਰੂਰ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਬਾਸਮਤੀ ਨੂੰ ਨਿਰਯਾਤ ਕਰਨ ਸਮੇਂ ਕੁਆਲਿਟੀ ਚੈਕ ਕਰਨ ਸਮੇਂ ਸਪਰੇਆਂ ਦੇ ਅੰਸ਼ ਹੋਣ ਕਾਰਨ ਰਿਜੈਕਟ ਹੋ ਜਾਂਦੀ ਹੈ ਤੇ ਵਾਪਸ ਭੇਜ ਦਿੱਤੀ ਜਾਂਦੀ ਹੈ, ਜਿਸ ਕਾਰਨ ਬਾਸਮਤੀ ਦਾ ਰੇਟ ਨਹੀਂ ਵਧ ਰਿਹਾ। ਕਿਸਾਨ ਖੇਤੀਬਾੜੀ ਵਿਭਾਗ ਦੀ ਸਲਾਹ ਮੰਨ ਕੇ ਬਾਸਮਤੀ ਤੇ ਬੈਨ ਕੀਤੀਆਂ 9 ਸਪਰੇਆਂ ਨਾ ਕਰਨ ਤਾਂ ਕਿਸਾਨਾਂ ਦੀ ਬਾਸਮਤੀ ਦੀ ਕੁਆਲਿਟੀ ਵਧੀਆ ਹੋਵੇਗੀ ਤੇ ਕਿਸਾਨਾਂ ਨੂੰ ਬਾਸਮਤੀ ਦਾ ਵਾਜਬ ਰੇਟ ਮਿਲੇਗਾ। ਝੋਨੇ ਥੱਲੋਂ ਰਕਬਾ ਘੱਟ ਕੇ ਬਾਸਮਤੀ ਥੱਲੇ ਆਵੇਗਾ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਆਪਣੇ-ਆਪ ਉਪਰ ਉਠ ਜਾਏਗਾ।
ਇਸ ਮੌਕੇ ਸਮੂਹ ਡੀਲਰਾਂ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ।
ਇਸ ਮੌਕੇ ਡਾ. ਗੁਰਚਰਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋ.), ਡਾ. ਅੰਮ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ, ਜਨਰਲ ਸਕੱਤਰ ਸੰਦੀਪ ਅਰੋੜਾ, ਭੋਲਾ ਅਰੋੜਾ, ਭੀਸ਼ਮ ਕੁਮਾਰ, ਸੁਭਾਸ਼ ਗਰਗ, ਗੋਪਾਲ ਬਾਂਸਲ, ਕੁਲਦੀਪ ਸਿੰਗਲਾ, ਰਾਜ ਕੁਮਾਰ ਬਾਂਸਲ, ਰਾਜ ਕੁਮਾਰ ਗੁਪਤਾ, ਮਨੋਜ਼ ਕੁਮਾਰ, ਯੋਗਰਾਜ ਬਾਂਸਲ, ਕੁਲਵਿੰਦਰ ਧੌਲਾ, ਰਾਕੇਸ਼ ਧੌਲਾ, ਭੁਪਿੰਦਰ ਕੁਮਾਰ, ਰਜਨੀਸ਼ ਕੁਮਾਰ, ਮੋਹਿਤ ਬਾਂਸਲ ਆਦਿ ਹਾਜ਼ਰ ਸਨ।