ਜਾਡਲਾ, 7 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ਵ ਬ੍ਰੈਸਟਫੀਡਿੰਗ ਹਫਤਾ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਿਆ। ਸਿਹਤ ਬਲਾਕ ਮੁਜ਼ੱਫਰਪੁਰ ਅੰਦਰ ਪੂਰਾ ਹਫ਼ਤਾ ਮੈਡੀਕਲ ਅਫ਼ਸਰਾਂ ਸਮੇਤ ਸਮੂਹ ਸਟਾਫ ਨੇ ਗਰਭਵਤੀ ਔਰਤਾਂ ਅਤੇ ਨਵੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਸਿਹਤ ਵਿਭਾਗ ਵੱਲੋਂ ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਬ੍ਰੈਸਟਫੀਡਿੰਗ ਹਫ਼ਤਾ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਬ੍ਰੈਸਟਫੀਡਿੰਗ ਹਫ਼ਤੇ ਦਾ ਥੀਮ “ਬ੍ਰੈਸਟਫੀਡਿੰਗ ਨੂੰ ਸੁਰੱਖਿਅਤ ਕਰਨਾ : ਇਕ ਸਾਂਝੀ ਜ਼ਿੰਮੇਵਾਰੀ” ਸੀ।
ਡਾ ਗੀਤਾਂਜਲੀ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਮੁਜ਼ੱਫਰਪੁਰ ਨੇ ਮਿੰਨੀ ਪੀ ਐੱਚ ਸੀ ਜਾਡਲਾ ਵਿਖੇ ਵਿਸ਼ਵ ਬ੍ਰੈਸਟਫੀਡਿੰਗ ਹਫਤੇ ਦੀ ਸਮਾਪਤੀ ਮੌਕੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਜਿੱਥੇ ਬੱਚੇ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਹੁੰਦਾ ਹੈ, ਉੱਥੇ ਹੀ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਵਾਂ ਵਿੱਚ ਛਾਤੀ ਦੇ ਕੈਂਸਰ, ਅੰਡਦਾਨੀਆਂ ਦਾ ਕੈਂਸਰ ਅਤੇ ਸ਼ੂਗਰ ਦੀ ਬਿਮਾਰੀ ਦਾ ਖਤਰਾ ਘੱਟ ਹੂੰਦਾ ਹੈ। ਇਸ ਨਾਲ ਜਿੱਥੇ ਮਾਂ ਅਤੇ ਬੱਚੇ ਵਿੱਚ ਸਨੇਹ ਵੱਧਦਾ ਹੈ, ਉੱਥੇ ਮਾਂ ਖੁਦ ਵੀ ਸਿਹਤਮੰਦ ਰਹਿੰਦੀ ਹੈ।
ਡਾ ਸਿੰਘ ਨੇ ਕਿਹਾ ਕਿ ਜਨਮ ਤੋਂ ਬਾਅਦ ਪਹਿਲੇ ਅੱਧੇ ਘੰਟੇ ਦੇ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਂ ਦਾ ਪਹਿਲਾ ਗਾੜਾ ਦੁੱਧ (ਬੌਹਲਾ) ਬੱਚੇ ਨੂੰ ਪਿਲਾਉਣ ਨਾਲ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਹੁੁੰਦੀ ਹੈ। ਉਨ੍ਹਾਂ ਦੱਸਿਆ ਕਿ ਜਨਮ ਦੇ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨ ਨਾਲ ਨਵਜਨਮੇ ਬੱਚਿਆ ਦੀਆਂ ਮੌਤਾਂ ਨੂੰ 20 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਨਹੀ ਦਿੱਤਾ ਜਾਂਦਾ, ਉਨ੍ਹਾਂ ਦੀ ਨਿਮੋਨੀਆ ਅਤੇ ਦਸਤ ਦੀ ਬਿਮਾਰੀ ਨਾਲ ਮੌਤ ਹੋਣ ਦਾ ਖਤਰਾ ਵੱਧ ਜਾਂਦਾ ਹੈ, ਜੋ ਕਿ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦਾ ਮੁੱਖ ਕਾਰਨ ਹੈ। ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ-ਨਾਲ ਨਰਮ ਓਪਰੀ ਖੁਰਾਕ ਵੀ ਦੇਣੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੋਨੀਆ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।