ਬੱਡੀਜ਼ ਗਰੁੱਪ ਦੀ ਸਕੂਲੀ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ‘ਚ ਅਹਿਮ ਭੂਮਿਕਾ

Sorry, this news is not available in your requested language. Please see here.

ਤੂੰ ਮੇਰਾ ਬੱਡੀ’ ਪ੍ਰੋਗਰਾਮ ਵਿਦਿਆਰਥੀਆਂ ਨੂੰ ਕੁਰੀਤੀਆਂ ਤੋਂ ਦੂਰ ਰੱਖਣ ‘ਚ ਹੋਇਆ ਸਹਾਈ
ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ‘ਚ 56,683 ਬੱਡੀ ਗਰੁੱਪ, 7557 ਸੀਨੀਅਰ ਬੱਡੀ ਨਸ਼ਿਆਂ ਖਿਲਾਫ਼ ਫੈਲਾਅ ਰਹੇ ਨੇ ਜਾਗਰੂਕਤਾ
ਪਟਿਆਲਾ, 25 ਜੂਨ 2021
ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਸਮੇਤ ਹੋਰਨਾਂ ਅਲਾਮਤਾਂ ਤੋਂ ਬਚਾਉਣ ਲਈ ਬਣਾਏ ਗਏ ਬੱਡੀਜ਼ ਗਰੁੱਪ ਕਾਰਗਰ ਸਿੱਧ ਹੋ ਰਹੇ ਹਨ। ਇਹ ਗਰੁੱਪ ਆਪਣੇ ਕਲਾਸ ਇੰਚਾਰਜ ਦੀ ਅਗਵਾਈ ‘ਚ ਆਪਣੇ ਸਕੂਲ ‘ਚ ਕਿਸੇ ਵੀ ਵਿਦਿਆਰਥੀ ਦੇ ਗਲਤ ਸੰਗਤ ‘ਚ ਜਾਣ ਤੋਂ ਰੋਕਣ ਦਾ ਵਧੀਆ ਜ਼ਰੀਆ ਸਾਬਤ ਹੋਏ ਹਨ।
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਪ੍ਰਿੰ. ਤੋਤਾ ਸਿੰਘ ‘ਤੂੰ ਮੇਰਾ ਬੱਡੀ’ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਦੱਸਦੇ ਹਨ ਕਿ ਸਰਕਾਰੀ ਸਕੂਲਾਂ ‘ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਾਏ ਗਏ ਬੱਡੀਜ਼ ਗਰੁੱਪ ਦੇ ਮੈਂਬਰ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਮਿਲਕੇ ਨਿਰੰਤਰ ਸਾਥੀਆਂ ਦੀਆਂ ਆਦਤਾਂ ਤੇ ਮਿੱਤਰ ਮੰਡਲੀ ‘ਚ ਵਿਚਰਨ ਦਾ ਧਿਆਨ ਰੱਖਦੇ ਹਨ। ਜਿਸ ਤਹਿਤ ਉਹ ਆਪਣੇ ਸਾਥੀਆਂ ਦੇ ਗਲਤ ਸੰਗਤ ‘ਚ ਪੈਣ ਸਬੰਧੀ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਬੱਡੀਜ਼ ਗਰੁੱਪ ਦੇ ਵਿਦਿਆਰਥੀ ਅਜਿਹੇ ਵਿਦਿਆਰਥੀਆਂ ਦੀ ਕੌਂਸਲਿੰਗ ਕਰਕੇ, ਉਨ੍ਹਾਂ ਨੂੰ ਸਹੀ ਸੇਧ ਵੀ ਦਿੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ ਪਿਛਲੇ ਸੈਸ਼ਨ ਦੌਰਾਨ 52 ਬੱਡੀਜ਼ ਗਰੁੱਪ ਸਨ। ਜਿਨ੍ਹਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਜਿਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਮੇਂ-ਸਮੇਂ ਸਿਰ ਨਸ਼ਿਆਂ ਸਬੰਧੀ ਬੱਡੀਜ਼ ਗਰੁੱਪ ਦੇ ਮੈਂਬਰਾਂ ਨੂੰ ਨਸ਼ਿਆਂ ਤੋਂ ਬਚਾਅ ਲਈ ਪ੍ਰੇਰਨਾਮਈ ਭਾਸ਼ਣ ਦਿੱਤੇ ਅਤੇ ਬੱਡੀਜ਼ ਗਰੁੱਪਾਂ ਦੇ ਮੈਂਬਰਾਂ ਅਜਿਹੀਆਂ ਸੇਧਗਾਰ ਗੱਲਾਂ ਸਾਥੀਆਂ ਨਾਲ ਸਾਂਝੀਆਂ ਕਰਦੇ ਸਨ। ਜਿਸ ਸਦਕਾ ਬਹੁਤ ਸਾਰੇ ਵਿਦਿਆਰਥੀ ਗਲਤ ਰਾਹਾਂ ‘ਤੇ ਪੈਣ ਤੋਂ ਬਚੇ ਹਨ।
ਪ੍ਰਿੰ. ਚਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਜਿਹੇ ਸੇਧਗਾਰ ਉਪਰਾਲਿਆਂ ਸਦਕਾ ਹੀ ਬਹੁਤ ਸਾਰੇ ਛੋਟੀ ਉਮਰ ਦੇ ਬੱਚੇ ਕੁਰੀਤੀਆਂ ਤੋਂ ਬਚ ਕੇ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੁੜ ਗਏ ਹਨ ਅਤੇ ਵਧੀਆ ਸਮਾਜ ਦੇ ਸਿਰਜਕ ਬਣ ਗਏ ਹਨ।
ਇਸ ਮੌਕੇ ਇੱਕ ਬੱਡੀਜ਼ ਗਰੁੱਪ ਦੀ ਇੰਚਾਰਜ ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ‘ਚ ਸਕੂਲਾਂ ‘ਚ ਬਣੇ ਬੱਡੀਜ਼ ਗਰੁੱਪ ਸਦਕਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ‘ਚ ਉਸਾਰੂ ਬਦਲਾਅ ਦੇਖਣ ਨੂੰ ਮਿਲਦੇ ਹਨ। ਬੱਡੀਜ਼ ਗਰੁੱਪ ਦੀ ਮੈਂਬਰ ਵਿਦਿਆਰਥਣ ਜਸ਼ਨਦੀਪ ਕੌਰ ਦਾ ਕਹਿਣਾ ਹੈ ਕਿ ਬੱਡੀਜ਼ ਗਰੁੱਪ ਬਹੁਤ ਸਾਰੇ ਵਿਦਿਆਰਥੀ ਦੀ ਜੀਵਨ ਸ਼ੈਲੀ ਬਦਲਣ ‘ਚ ਸਹਾਈ ਹੁੰਦੇ ਹਨ। ਜਿਸ ਕਰਕੇ ਸਰਕਾਰ ਵੱਲੋਂ ਅਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ।
ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼, ਪਟਿਆਲਾ ਦੀ ਐਸ ਐਸ ਅਧਿਆਪਿਕਾ ਅੰਤਰ ਪ੍ਰਨੀਤ ਕੌਰ, ਜੋ ਕੇ ਖੁਦ ਵੀ ਸੀਨੀਅਰ ਬੱਡੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ, ਦਾ ਕਹਿਣਾ ਹੈ ਕਿ ਹਰੇਕ ਕਲਾਸ ‘ਚ ਤਿੰਨ ਤੋਂ ਪੰਜ ਵਿਦਿਆਰਥੀ ਬੱਡੀ ਸਮੂਹ ਦੇ ਮੈਂਬਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੂਹਾਂ ਦਾ ਉਦੇਸ਼ ਬਿਮਾਰੀ ਨੂੰ ਜੜ੍ਹ ਤੋਂ ਹੀ ਫੜਨਾ ਅਤੇ ਉਸ ਦੇ ਕਾਰਨ ਨੂੰ ਜਾਣ ਕੇ, ਉਸ ਨੂੰ ਅੱਗੇ ਵਧਣ ਤੋਂ ਰੋਕਣ ਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਕਿਸ਼ੋਰ ਉਮਰ ਦੇ ਪੜਾਅ ਦੌਰਾਨ ਕਈ ਵਾਰ ਜਾਣੇ – ਅਣਜਾਣੇ ਭਟਕ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਸਮੂਹਾਂ ਦੇ ਮੈਂਬਰ ਉਨ੍ਹਾਂ ਬਾਰੇ ਸਮੇਂ ਸਿਰ ਕਲਾਸ ਇੰਚਾਰਜ (ਸੀਨੀਅਰ ਬੱਡੀ) ਨੂੰ ਸੂਚਨਾ ਦੇ ਕੇ, ਉਸਦਾ ਭਵਿੱਖ ਹਨ੍ਹੇਰੇ ‘ਚ ਜਾਣ ਤੋਂ ਬਚਾਅ ਲੈਂਦੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ‘ਚ ‘ਤੂੰ ਮੇਰਾ ਬੱਡੀ’ ਪ੍ਰੋਗਰਾਮ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਜ਼ਿਲ੍ਹੇ ਦੇ 1002 ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ‘ਚ 56,683 ਬੱਡੀ ਗਰੁੱਪ ਹਨ, ਜਿਸ ‘ਚ ਤਿੰਨ ਲੱਖ ਤੋਂ ਵਧੇਰੇ ਵਿਦਿਆਰਥੀ ਨਸ਼ਿਆਂ ਵਿਰੋਧੀ ਮੁਹਿੰਮ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬੱਡੀ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਹੀ ਸੇਧ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਇਸ ਪ੍ਰੋਗਰਾਮ ਤਹਿਤ 7557 ਸੀਨੀਅਰ ਬੱਡੀ ਨਿਯੁਕਤ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦਾ ਬੱਡੀਜ਼ ਗਰੁੱਪ ਚਰਚਾ ਕਰਦੇ ਹੋਏ।

Spread the love