*ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚ ਡਾ. ਬੀ. ਆਰ. ਅੰਬੇਡਕਰ ਐਸ. ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ
ਨਵਾਂਸ਼ਹਿਰ, 31 ਅਕਤੂਬਰ :
ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਅੱਜ ਸੂਬੇ ਭਰ ਵਿਚ ਮਨਾਇਆ ਗਿਆ, ਜਿਸ ਦਾ ਰਾਜ ਪੱਧਰੀ ਸਮਾਗਮ ਭਗਵਾਨ ਵਾਲਮੀਕਿ ਤੀਰਥ ਸਥਲ, ਰਾਮਤੀਰਥ ਵਿਖੇ ਹੋਇਆ। ਇਸ ਦੌਰਾਨ ਸੂਬੇ ਭਰ ਵਿਚ ਆਨਲਾਈਨ ਵਰਚੂਅਲ ਸਮਾਗਮ ਕਰਵਾਏ ਗਏ ਜਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਗਤਾਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਗਈ ਅਤੇ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੂਅਲ ਢੰਗ ਨਾਲ ਨੀਂਹ ਪੱਥਰ ਵੀ ਰੱਖਿਆ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਬਲਾਕਾਂ ਵਿਚ ਵੱਖ-ਵੱਖ ਥਾਵਾਂ ‘ਤੇ ਇਸ ਮੌਕੇ ਕਰਵਾਏ ਵਰਚੂਅਲ ਸਮਾਗਮਾਂ ਰਾਹੀਂ ਆਨਲਾਈਨ ਜੁੜਦਿਆਂ ਜ਼ਿਲ੍ਹੇ ਦੀਆਂ ਹਜ਼ਾਰਾਂ ਸੰਗਤਾਂ ਇਸ ਸ਼ੁੱਭ ਮੌਕੇ ਦੀਆਂ ਗਵਾਹ ਬਣੀਆਂ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੂਬਾ ਪੱਧਰੀ ਸਮਾਗਮ ਨਾਲ ਆਨਲਾਈਨ ਜੁੜਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਸ਼ੁੱਭ ਮੌਕੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਵੱਲੋਂ ਪੰਜ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕਰ ਕੇ ਜ਼ਿਲ੍ਹੇ ਵਿਚ ਡਾ. ਬੀ. ਆਰ ਅੰਬੇਡਕਰ ਐਸ. ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਕਾਲਰਸ਼ਿਪ ਸਕੀਮ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗੀ ਅਤੇ ਉਨ੍ਹਾਂ ਲਈ ਮੁਫ਼ਤ ਸਿੱਖਿਆ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਫੀਸ ਵਿਚ 100 ਫੀਸਦੀ ਛੋਟ ਮਿਲੇਗੀ ਅਤੇ ਵਿਦਿਆਰਥੀਆਂ ਵੱਲੋਂ ਸਰਕਾਰੀ ਅਤੇ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਕੋਈ ਅਦਾਇਗੀ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਕਿਤਾਬਾਂ ਅਤੇ ਵਰਦੀਆਂ ਖ਼ਰੀਦਣ ਲਈ ਮਹੀਨਾਵਾਰ ਭੱਤਾ ਵੀ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਬਲਾਕਾਂ ਵਿਚ ਵਰਚੂਅਲ ਸਮਾਗਮ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਵਿਖੇ ਇਹ ਸਮਾਗਮ ਪੰਜ ਥਾਵਾਂ ‘ਤੇ ਮਿਊਂਸਪਲ ਦਫ਼ਤਰ ਦੇ ਨਜ਼ਦੀਕ, ਵਾਲਮੀਕਿ ਮੁਹੱਲਾ, ਸਲੋਹ ਚੌਕ, ਰੇਲਵੇ ਸਟੇਸ਼ਨ ਅਤੇ ਟਾਹਲੀ ਸਾਹਿਬ ਗੁਰਦੁਆਰਾ ਗੜ੍ਹਸ਼ੰਕਰ ਰੋਡ ‘ਤੇ ਕਰਵਾਏ ਗਏ। ਇਸੇ ਤਰ੍ਹਾਂ ਨਗਰ ਕੌਂਸਲ ਬੰਗਾ ਵਿਖੇ ਬੱਸ ਸਟੈਂਡ ਨਜ਼ਦੀਕ ਵਾਲਮੀਕਿ ਮੰਦਰ, ਨਗਰ ਕੌਂਸਲ ਬਲਾਚੌਰ ਵਿਖੇ ਮਹਾਰਿਸ਼ੀ ਵਾਲਮੀਕਿ ਮੰਦਰ ਵਾਰਡ ਨੰ: 11 ਅਤੇ ਨਗਰ ਕੌਂਸਲ ਰਾਹੋਂ ਵਿਖੇ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਆਰਨਹਾਲੀ ਵਿਖੇ ਵਰਚੂਅਲ ਪ੍ਰੋਗਰਾਮ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਬਲਾਕ ਸੜੋਆ ਵਿਖੇ ਇਹ ਸਮਾਗਮ ਪਿੰਡ ਸੜੋਆ, ਚੰਦਿਆਣੀ ਖੁਰਦ ਅਤੇ ਸਾਹਿਬਾ, ਬਲਾਕ ਬੰਗਾ ਵਿਚ ਪਿੰਡ ਬਹਿਰਾਮ, ਹੀਓ ਅਤੇ ਮਾਹਿਲ ਗਹਿਲਾ, ਬਲਾਕ ਬਲਾਚੌਰ ਵਿਖੇ ਪਿੰਡ ਮਾਜਰਾ, ਭੱਦੀ ਅਤੇ ਕਾਠਗੜ੍ਹ ਦੇ ਭਗਵਾਨ ਵਾਲਮੀਕਿ ਮੰਦਰਾਂ ਵਿਖੇ ਕਰਵਾਏ ਗਏ। ਇਸੇ ਤਰ੍ਹਾਂ ਬਲਾਕ ਨਵਾਂਸ਼ਹਿਰ ਵਿਚ ਪਿੰਡ ਜਾਡਲਾ, ਹੰਸਰੋ, ਜਲਵਾਹਾ ਅਤੇ ਬਲਾਕ ਔੜ ਵਿਚ ਗੁਣਾਚੌਰ, ਰਟੈਂਡਾ ਅਤੇ ਸਰਹਾਲ ਕਾਜ਼ੀਆਂ ਵਿਖੇ ਸਥਿਤ ਧਰਮਸ਼ਾਲਾਵਾਂ ਵਿਚ ਇਹ ਵਰਚੂਅਲ ਸਮਾਗਮ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਉਪਰੋਕਤ ਇਲਾਕਿਆਂ ਨਾਲ ਸਬੰਧਤ ਅਹਿਮ ਸ਼ਖਸੀਅਤਾਂ ਅਤੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਰਬਜੀਤ ਸਿੰਘ ਵਾਲੀਆ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਅਸ਼ੀਸ਼ ਕਥੂਰੀਆ, ਤਹਿਸੀਲ ਸਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ਼ੁਭਮ ਪੰਕਜ, ਸਰਕਾਰੀ ਕਾਲਜ ਪੋਜੇਵਾਲ ਦੇ ਵਾਈਸ ਪ੍ਰਿੰਸੀਪਲ ਧਰਮ ਕੌਰ ਅਤੇ ਹੋਰ ਹਾਜ਼ਰ ਸਨ।