ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵਲੋਂ ਭਗਤਾਂਵਾਲਾ ਵਿੱਚ ਵੈਕਸੀਨੇਸ਼ਨ ਕੈਂਪ ਦਾ ਸਮਾਪਨ

Sorry, this news is not available in your requested language. Please see here.

ਨੁੱਕੜ ਨਾਟਕ ਅਤੇ ਗੀਤਾਂ ਰਾਹੀਂ ਲੋਕਾਂ ਨੂੰ ਟੀਕਾਕਰਣ ਲਈ ਕੀਤਾ ਗਿਆ ਪ੍ਰੇਰਿਤ
ਮੋਬਾਇਲ ਵੈਨ ਰਾਹੀਂ ਵੱਖੋ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਵੈਕਸੀਨੇਸ਼ਨ ਕੈਂਪ ਤੇ ਜਾਗਰੂਕਤਾ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ
ਅੰਮ੍ਰਿਤਸਰ, 16 ਜੁਲਾਈ 2021
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਮੁਫ਼ਤ ਟੀਕਾਕਰਣ ਅਭਿਆਨ ਦੇ ਐਲਾਨ ਤੋਂ ਬਾਅਦ ਦੇਸ਼ਭਰ ਵਿੱਚ ਜੰਗੀ ਪੱਧਰ ਉੱਤੇ ਵੱਖੋ ਵੱਖ ਥਾਵਾਂ ਉੱਤੇ ਵੈਕਸੀਨੇਸ਼ਨ ਕੈਂਪ ਲਾ ਕੇ ਵੱਡੇ ਪੱਧਰ ਉੱਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰ ਦੇ ਭਗਤਾਂਵਾਲਾ ਇਲਾਕੇ ਵਿੱਚ ਲਾਏ ਗਏ ਵੈਕਸੀਨੇਸ਼ਨ ਕੈਂਪ ਵਿੱਚ ਲੋਕਾਂ ਦਾ ਮੁਫ਼ਤ ਟੀਕਾਕਰਣ ਕੀਤਾ ਗਿਆ। ਲੋਕਾਂ ਨੇ ਦੂਜੇ ਦਿਨ ਵੱਡੇ ਪੱਧਰ ਉੱਤੇ ਭਗਤਾਂਵਾਲਾ ਦੇ ਅਰਬਨ ਪ੍ਰਾਇਮਰੀ ਹੈੱਲਥ ਸੈਂਟਰ ਵਿੱਚ ਜਾ ਕੇ ਮੁਫ਼ਤ ਟੀਕਾਕਰਣ ਕਰਵਾਇਆ।
ਇਸ ਵੈਕਸੀਨੇਸ਼ਨ ਕੈਂਪ ਦੇ ਦੂਜੇ ਦਿਨ ਖਿੱਚ ਦਾ ਕੇਂਦਰ ਬਣੇ ਕਲਾਕਾਰਾਂ ਨੇ ਲੋਕਾਂ ਨੂੰ ਨੁੱਕੜ ਨਾਟਕਾਂ ਅਤੇ ਗੀਤਾਂ ਰਾਹੀਂ ਟੀਕਾਕਰਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਲੋਕਾਂ ਨੂੰ ਨਾ ਸਿਰਫ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਗਈ, ਬਲਕਿ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਸਾਰੀਆਂ ਗਾਈਡਲਾਈਨਸ ਮੰਨਣ ਦੀ ਗੱਲ ਵੀ ਆਖੀ ਗਈ। ਅੰਬਿਕਾ ਸੋਨੀ ਗਰੁੱਪ ਵਲੋਂ ਪੇਸ਼ ਕੀਤੇ ਗਏ ਨੁੱਕੜ ਨਾਟਕ ਅਤੇ ਗੀਤਾਂ ਰਾਹੀਂ ਦਿੱਤੇ ਗਏ ਸੁਨੇਹੇ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫਸਰ ਗੁਰਮੀਤ ਸਿੰਘ ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 21 ਜੂਨ ਨੂੰ ਪੂਰੇ ਦੇਸ਼ ਵਿੱਚ ਮੁਫ਼ਤ ਟੀਕਾਕਰਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਇਹ ਅਭਿਆਨ ਜੰਗੀ ਪੱਧਰ ਉੱਤੇ ਚਲਾਇਆ ਜਾ ਰਿਹਾ ਹੈ। ਓਹਨਾਂ ਕਿਹਾ ਕਿ ਵੱਧ ਤੋਂ ਵੱਧ ਹੱਥ ਸਾਫ ਰੱਖ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਕੁਝ ਹੋਰ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਈ.ਬੀ. ਮਿਨੀਸਟਰੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥਮਿਕਤਾ ਦੇਸ਼ ਦੇ ਲੋਕਾਂ ਦੀ ਸਿਹਤ ਹੈ ਅਤੇ ਇਸੇ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਵੱਡੇ ਪੱਧਰ ‘ ਤੇ ਮੁਫ਼ਤ ਟੀਕਾਕਰਣ ਕੀਤਾ ਜਾ ਰਿਹਾ ਹੈ।
ਉਥੇ ਹੀ ਮੋਬਾਇਲ ਵੈਨ ਜ਼ਰੀਏ ਸ਼ੁੱਕਰਵਾਰ ਨੂੰ ਸ਼ਹਿਰ ਦੇ ਰਣਜੀਤ ਅਵੇਨਯੂ, ਲੋਹਗੜ੍ਹ ਗੇਟ, ਮਾਡਲ ਟਾਊਨ, ਰਾਣੀ ਕਾ ਬਾਗ, ਦਸ਼ਮੇਸ਼ ਨਗਰ, ਮੋਹਕਮ ਪੁਰਾ, ਤੁੰਗ ਭਾਈ, ਵਿਜੇ ਨਗਰ, ਬਟਾਲਾ ਰੋਡ, ਮੁਸਤਫਾਬਾਦ, ਖੰਨਾ ਨਗਰ, ਵੇਰਕਾ ਅਤੇ ਗੋਲਡਨ ਅਵੇਨਯੂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸਦੇ ਨਾਲ ਹੀ ਲੋਕਾਂ ਨੂੰ ਪੈਂਫਲੇਟ ਵੰਡ ਕੇ ਕੋਰੋਨਾ ਤੋਂ ਬਚਣ ਦੀ ਸਲਾਹ ਦਿੱਤੀ ਗਈ। ਇਸ ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਕੋਰੋਨਾ ਮਹਾਂਮਾਰੀ ਅਤੇ ਮੁਫ਼ਤ ਟੀਕਾਕਰਣ ਬਾਰੇ ਕਈ ਤਰ੍ਹਾਂ ਦੇ ਸਵਾਲ ਕੀਤੇ ਅਤੇ ਜਾਣਕਾਰੀ ਹਾਸਿਲ ਕੀਤੀ। ਇਸ ਦੌਰਾਨ ਮਾਸਕ ਤੋਂ ਬਿਨਾ ਬਾਜ਼ਾਰਾਂ ਅਤੇ ਸੜਕਾਂ ਉੱਤੇ ਘੁੰਮ ਰਹੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ।
ਬਹਿਰਹਾਲ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਮਕਸਦ ਦੇਸ਼ ਦੇ ਹਰ ਨਾਗਰਿਕ ਵਿਚ ਕੋਰੋਨਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਾਲਾਂਕਿ ਅੰਮ੍ਰਿਤਸਰ ਵਿਚ ਇਹ ਅਭਿਆਨ ਪੰਜ ਦਿਨਾਂ ਲਈ ਚਲੇਗਾ, ਪਰ ਦੇਸ਼ ਭਰ ਵਿਚ ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਸ ਬਿਮਾਰੀ ‘ਤੇ ਪੂਰੀ ਤਰ੍ਹਾਂ ਠੱਲ ਨਹੀਂ ਪਾਈ ਜਾਂਦੀ।

Spread the love