ਮਸ਼ੀਨਾਂ ਦੀ ਆਨ-ਲਾਈਨ ਵੈਰੀਫਿਕੇਸ਼ਨ ਕਰਨ ਲਈ ਖੇਤ ਦਿਵਸ ਦਾ ਕੀਤਾ ਗਿਆ ਆਯੋਜਨ

Sorry, this news is not available in your requested language. Please see here.

ਐਸ ਏ ਐਸ ਨਗਰ, 1 ਨਵੰਬਰ 2023:
ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਰਕਾਰ ਵੱਲੋਂ ਸਬਸਿਡੀ ਤੇ  ਮੁਹੱਈਆਂ ਕਰਵਾਈ ਜਾ ਰਹੀ ਮਸ਼ਨੀਰੀ ਦੀ ਅੱਜ ਰਾਜ ਵਿੱਚ ਸਮੂਹਿਕ ਤੌਰ ਤੇ ਆਨ-ਲਾਈਨ ਵੈਰੀਫਿਕੇਸ਼ਨ ਕਰਨ ਲਈ ਖੇਤ ਦਿਵਸ ਆਯੋਜਿਤ ਕੀਤਾ ਗਿਆ।
ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜੀਨੀਅਰਿੰਗ) ਜਗਦੀਸ਼ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ ਡਾ. ਗੁਰਮੇਲ ਸਿੰਘ ਦੀ ਹਾਜ਼ਰੀ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਦੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕੀਤੀ ਗਈ।
ਸਬ ਡਵੀਜ਼ਨ ਮੋਹਾਲੀ ਦੇ ਪਿੰਡ ਨਾਨੋਂ ਮਾਜਰਾ ਵਿਖੇ ਕੀਤੇ ਗਏ ਵੈਰੀਫਿਕੇਸ਼ਨ ਸਬੰਧੀ ਖੇਤ ਦਿਵਸ ਸਮੇਂ ਪਰਾਲੀ ਦੀਆਂ ਗੰਢਾਂ ਤਿਆਰ ਕਰਵਾਈਆਂ ਗਈਆਂ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਵੱਲੋਂ ਪਰਾਲੀ ਨੂੰ ਗਾਲ ਕੇ ਧਰਤੀ ਵਿੱਚ ਮਿਲਾਉਣ ਲਈ ਮੁਫਤ ਵਿੱਚ ਖੇਤੀਬਾੜੀ ਵਿਭਾਗ ਦੁਆਰਾ ਦਿੱਤੀ ਜਾ ਰਹੀ ਬਾਇਓ ਡੀਕੰਪੋਜ਼ਰ ਲੋੜਵੰਦ ਕਿਸਾਨਾਂ ਨੂੰ ਦਿੱਤੀ ਗਈ, ਤਾਂ ਜੋ ਪਰਾਲੀ ਨੂੰ ਧਰਤੀ ਵਿੱਚ ਮਿਲਾ ਕੇ ਇਸ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਾਲ ਦੌਰਾਨ ਹੁਣ ਤੱਕ ਕਿਸਾਨਾਂ ਵੱਲੋਂ 179 ਮਸ਼ੀਨਾਂ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿੱਚ 112 ਸੂਪਰ ਸੀਡਰ, 11 ਬੇਲਰ ਅਤੇ 34 ਸਰਫੇਸ ਸੀਡਰ ਸ਼ਾਮਿਲ ਹਨ।
ਉਹਨਾਂ ਨੇ ਮਸ਼ੀਨਾਂ ਦੀ ਵਰਤੋਂ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸਾਂਭ ਸੰਭਾਲ ਲਈ ਕਿਸਾਨ ਸਿਖਲਾਈ ਕੈਂਪ, ਪਬਲੀਸਿਟੀ ਵੈਨ, ਵਾਲ ਪੇਟਿੰਗ, ਸਕੂਲ ਮੋਬੇਲਾਈਜੇਸ਼ਨ ਆਦਿ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਦਕਾ ਜਿਲ੍ਹੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਮੀ ਪਾਈ ਗਈ ਹੈ।
ਵਿਭਾਗ ਵੱਲੋਂ ਮਨਾਏ ਗਏ ਖੇਤ ਦਿਵਸ ਵਿੱਚ ਜਿਲ੍ਹਾ ਐਸ.ਏ.ਐਸ. ਨਗਰ ਦੇ ਅਧਿਕਾਰੀਆਂ ਡਾ. ਸੁਭਕਰਨ ਸਿੰਘ, ਡਾ. ਗੁਰਦਿਆਲ ਕੁਮਾਰ, ਡਾ. ਸੁੱਚਾ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ, ਜਗਦੀਪ ਸਿੰਘ, ਕਮਲਦੀਪ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।