ਐਸ.ਏ.ਐਸ. ਨਗਰ, 15 ਸਤੰਬਰ 2021
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਨਅਤਕਾਰਾਂ ਅਤੇ ਰੇਕ ਬੇਲਰ ਦੇ ਸਟੇਟ ਹੋਲਡਰਾਂ ਦੀ ਮੀਟਿੰਗ ਹੋਈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਰਾਪ ਰੈਸੇਡਿਊ ਮੈਨੇਜਮੈਂਟ ਸਕੀਮ ਤਹਿਤ ਪਿਛਲੇ ਸਾਲਾਂ ਦੌਰਾਨ 5 ਰੇਕਰ ਅਤੇ ਬੇਲਰ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕਿਸਾਨ ਗਰੁੱਪਾਂ ਨੂੰ ਦਿੱਤੇ ਗਏ ਸਨ। ਇਨ੍ਹਾਂ ਗਰੁੱਪ ਮੈਂਬਰਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਪਰਾਲੀ ਦੀਆਂ ਗੱਠਾਂ 135 ਰੁਪਏ ਪ੍ਰਤੀ ਕੁਇੰਟਲ ਵਾਈ.ਸੀ.ਟੀ. ਕੰਪਨੀ ਵੱਲੋਂ ਲਈਆਂ ਗਈਆਂ ਸਨ। ਕਿਸਾਨਾਂ ਨੇ ਦੱਸਿਆ ਕਿ ਪਰਾਲੀ ਦੀਆਂ ਇਕ ਗੱਠ ਦੀ ਇਸ ਸਮੇਂ 2.25 ਪੈਸੇ ਦੀ ਦਰ ਨਾਲ ਵਿਕਰੀ ਹੋ ਰਹੀ ਹੈ। ਇਸ ਲਈ ਉਨ੍ਹਾਂ ਨੂੰ 135 ਰੁਪਏ ਤੋਂ ਵਧਾ ਕੇ 200 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ ਕਿਉਂਕਿ ਡੀਜ਼ਲ, ਲੇਬਰ ਅਤੇ ਧਾਗੇ ਦੀਆਂ ਕੀਮਤਾਂ ਵਿੱਚ ਕਾਫ਼ੀ ਉਛਾਲ ਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਪੱਧਰ ਉਤੇ 100 ਰੁਪਏ ਪ੍ਰਤੀ ਕੁਇੰਟਲ ਝਾੜ ਪਿੱਛੇ ਬੋਨਸ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਰਹਿੰਦ-ਖੂੰਹਦ ਦੀਆਂ ਗੱਠਾਂ ਬਣਾ ਕੇ ਵਿਕਰੀ ਕਰਨ ਜਾਂ ਜ਼ਮੀਨ ਵਿੱਚ ਹੀ ਰਲਾ ਦੇਣ।
ਇਸ ਮੌਕੇ ਵਾਈ.ਸੀ.ਟੀ. ਕੰਪਨੀ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਰੇਕਰ ਬੇਲਰ ਹੈ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬੇਲਰ ਗਰੁੱਪ ਤੋਂ ਉਹ ਪਰਾਲੀ ਲੈਣ ਲਈ ਵਚਨਬੱਧ ਹਨ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਵੀ ਸਬਸਿਡੀ ਉਤੇ ਸਰਕਾਰ ਰੇਕਰ ਤੇ ਬੇਲਰ ਮੁਹੱਈਆ ਕਰੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਇਸ ਸਮੇਂ 567 ਮਸ਼ੀਨਾਂ ਸਬਸਿਡੀ ਤੇ ਕਰੋਪ ਰੈਸੇਡਿਊ ਮੈਨੇਜਮੈਂਟ ਤਹਿਤ ਦਿੱਤੀਆਂ ਗਈਆਂ ਹਨ, ਜਿਸ ਵਿੱਚ 303 ਮਸ਼ੀਨਾਂ ਸਹਿਕਾਰੀ ਸਭਾਵਾਂ ਅਤੇ 84 ਮਸ਼ੀਨਾਂ 29 ਕਿਸਾਨ ਗਰੁੱਪਾਂ ਕੋਲ ਉਪਲਬਧ ਹਨ। ਇਸ ਤੋਂ ਇਲਾਵਾ ਇਕ ਮਸ਼ੀਨ ਗ੍ਰਾਮ ਪੰਚਾਇਤ ਮਦਨਹੇੜੀ ਕੋਲ ਅਤੇ 179 ਮਸ਼ੀਨਾਂ ਵਿਅਕਤੀਗਤ ਤੌਰ ਉਤੇ ਕਿਸਾਨਾਂ ਕੋਲ ਉਪਲਬਧ ਹਨ। ਇਨ੍ਹਾਂ ਸਾਰੀਆਂ ਮਸ਼ੀਨਾਂ ਬਾਰੇ ਡੇਟਾ ਆਈ.ਖੇਤ ਐਪ ਉਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਸ਼ੀਨਰੀ ਦੀ ਕਿਰਾਏ ਉਤੇ ਵਰਤੋਂ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਮਸ਼ੀਨਾਂ ਦੀ ਮੰਗ ਨੂੰ ਘੋਖਣ ਉਪਰੰਤ 6 ਗਰੁੱਪਾਂ ਅਤੇ 1 ਸੁਸਾਇਟੀ ਦੀਆਂ ਮਸ਼ੀਨਾਂ ਨੂੰ ਆਨਲਾਈਨ ਪ੍ਰਵਾਨਗੀਆਂ ਦੇ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਵਿਅਕਤੀਗਤ ਮਸ਼ੀਨਾਂ ਦੀ ਪ੍ਰਵਾਨਗੀ ਆਨਲਾਈਨ ਦੇ ਦਿੱਤੀ ਜਾਵੇਗੀ, ਜਿਸ ਨਾਲ ਲਾਭਪਾਤਰੀ ਸਬੰਧਤ ਫਰਮਾਂ ਤੋਂ ਮਸ਼ੀਨਰੀ ਪ੍ਰਾਪਤ ਕਰ ਸਕਣਗੇ।
ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ, ਇੰਜਨੀਅਰ ਸੰਜੀਵ ਸ਼ਰਮਾ ਵਾਈ.ਸੀ.ਟੀ. ਪ੍ਰਾਈਵੇਟ ਲਿਮਟਿਡ, ਸ੍ਰੀ ਸੁਖਰਾਜ ਸਿੰਘ, ਵਾਈ.ਸੀ.ਟੀ. ਪ੍ਰਾਈਵੇਟ ਲਿਮਟਿਡ ਦੇ ਨੁੁਮਾਇੰਦੇ ਅਤੇ ਕਿਸਾਨ ਅਵਤਾਰ ਸਿੰਘ ਪਿੰਡ ਫਤਿਹਪੁਰ ਥੇੜੀ, ਗੁਰਮੀਤ ਸਿੰਘ ਪਿੰਡ ਮੰਡੋਲੀ ਅਤੇ ਅਮਰਜੀਤ ਸਿੰਘ ਮੌਕੇ ਉਤੇ ਹਾਜ਼ਰ ਸਨ।