ਮੁੱਖ ਮੰਤਰੀ ਵੱਲੋਂ ਕੋਰੋਨਾ ਨਾਲ ਲੜਣ ਲਈ ਮਿਸ਼ਨ ਫਤਹਿ 2.0 ਵਿਚ ਸਹਿਯੋਗ ਲਈ ਨੌਜਵਾਨਾਂ ਨੂੰ ਸੱਦਾ

Sorry, this news is not available in your requested language. Please see here.

ਕੋਰੋਨਾ ਮੁਕਤ ਪੰਜਾਬ ਲਈ ‘ਰੂਰਲ ਕੋਰੋਨਾ ਵਲੰਟੀਅਰ’ ਸਮੂਹ ਕਾਇਮ ਕਰਨ ਦੇ ਨਿਰਦੇਸ਼
ਵਰਚੂਅਲ ਸਮਾਗਮ ਦੌਰਾਨ ਸੂਬੇ ਦੇ ਨੌਜਵਾਨਾਂ ਨਾਲ ਕੀਤਾ ਸੰਵਾਦ
ਜ਼ਿਲੇ ਵਿਚ ਪ੍ਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ ਡੀਸੀ
ਫਾਜਿਲ਼ਕਾ, 27 ਮਈ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਦੇ ਨੌਜਵਾਨਾਂ ਨਾਲ ਇਕ ਵਰਚੂਅਲ ਸੰਵਾਦ ਦੌਰਾਨ ਉਨਾਂ ਨੂੰ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਤਹਿਤ ਮਿਸ਼ਨ ਫਤਹਿ 2.0 ਨਾਲ ਜੁੜਨ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਵਿਚੋਂ ਕਰੋਨਾ ਨੂੰ ਖ਼ਤਮ ਕਰਕੇ ਸੂਬੇ ਨੂੰ ਤੰਦਰੁਸਤ ਪੰਜਾਬ ਬਣਾਇਆ ਜਾ ਸਕੇ। ਇਸ ਦੌਰਾਨ ਉਨਾਂ ਕੋਰੋਨਾ ਦੀ ਮਹਾਂਮਾਰੀ ਨਾਲ ਲੜਣ ਲਈ ਪ੍ਰਤੀ ਪਿੰਡ ਸੱਤ ਰੂਰਲ ਕੋਰੋਨਾ ਵਲੰਟੀਅਰਾਂ (ਆਰ.ਸੀ.ਵੀ.) ਦੇ ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਜ਼ਿਲਾ ਸਦਰ ਮੁਕਾਮ ਤੋਂ ਇਸ ਸਮਾਗਮ ਵਿਚ ਜੁੜੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮਾਂ ਨੂੰ ਜ਼ਿਲੇ ਵਿਚ ਪੂਰੀ ਸਿੱਦਤ ਨਾਲ ਲਾਗੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ਕ ਕੋਵਿਡ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਹਾਲੇ ਬਹੁਤ ਕੁਝ ਕਰਨ ਦੀ ਜਰੂਰਤ ਹੈ ਇਸ ਲਈ ਉਨਾਂ ਨੇ ਕਿਹਾ ਕਿ ਇਹ ਆਰ.ਸੀ.ਵੀ. ਸਮੂਹ ਤੁਰੰਤ ਕਾਇਮ ਕੀਤੇ ਜਾਣ ਜੋ ਕਿ ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਯੋਗਦਾਨ ਪਾਉਣਗੇ। ਮੁੱਖ ਮੰਤਰੀ ਨੇ ਆਰ.ਸੀ.ਵੀਜ਼ ਨੂੰ ਟੈਸਟ, ਟਰੇਸ ਤੇ ਟਰੀਟ (ਜਾਂਚ, ਭਾਲ ਤੇ ਇਲਾਜ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਗਰੀਬ ਅਤੇ ਬਜ਼ੁਰਗ ਵਿਅਕਤੀਆਂ ਦੀ ਸੰਭਾਲ ਕਰਦੇ ਹੋਏ ਉਨਾਂ ਦੀ ਕੋਵਿਡ ਕੰਟਰੋਲ ਰੂਮ ਅਤੇ ਹੈਲਪਲਾਈਨਾਂ ਤੱਕ ਪਹੁੰਚ ਆਸਾਨ ਬਣਾਉਣ, ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ, ਕੋਵਿਡ ਤੋਂ ਬਚਾਅ ਲਈ ਸਭ ਨਿਯਮਾਂ ਦਾ ਪਾਲਣ ਕਰਨ, ਚੰਗੀਆਂ ਇਲਾਜ ਸੁਵਿਧਾਵਾਂ ਹਾਸਲ ਕਰਨ ਵਿਚ ਪੇਂਡੂ ਲੋਕਾਂ ਦੀ ਮਦਦ ਕਰਨ, ਨੀਮ ਹਕੀਮਾਂ ਤੋਂ ਦੂਰ ਰਹਿਣ, ਕੋਵਾ ਐਪ ਡਾਊਨਲੋਡ ਕਰਨ ਤੋਂ ਇਲਾਵਾ ਬੈਨਰ ਅਤੇ ਕਿਤਾਬਚਿਆਂ ਆਦਿ ਪੇਸ਼ਕਦਮੀਆਂ ਦਾ ਦਾਇਰਾ ਵਧਾ ਕੇ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ। ਉਨਾਂ ਨੇ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਉੱਤੇ ਹੋਰ ਰਹੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਵੀ ਨੂੰ ਅੱਗੇ ਆਉਣ ਲਈ ਕਿਹਾ। ਉਨਾਂ ਨੇ ਕਿਹਾ ਕਿ ਹਰੇਕ ਆਰ.ਸੀ.ਵੀ ਨੂੰ ਇੱਕ-ਇੱਕ ਸਪੋਰਟਸ ਕਿੱਟ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਮੌਕੇ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਯੁਵਾ ਮਾਮਲੇ ਵਿਭਾਗ ਵੱਲੋਂ 1 ਲੱਖ ਬੈਜ ਅਤੇ 1 ਲੱਖ ਕਾਰ ਸਟਿੱਕਰ, ਜਿਨਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੈ, ਵੰਡੇ ਜਾਣ ਦੀ ਸ਼ੁਰੂਆਤ ਕੀਤੀ।
ਇਹ ਸਮਾਗਮ ਸਾਰੇ ਜ਼ਿਲੇ ਦੇ ਇਕ ਦਰਜਨ ਤੋਂ ਵੱਧ ਪੇਂਡੂ ਤੇ ਸ਼ਹਿਰੀ ਸਥਾਨਾਂ ਉੱਤੇ ਇੱਕੋ ਸਮੇਂ ਪ੍ਰਸਾਰਿਤ ਹੋਇਆ। ਇਸ ਮੌਕੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੰੂ ਕਰਵਾਏ ਜਾਣ ਦਾ ਸੱਦਾ ਦਿੱਤਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕੋਵਿਡ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਜਦ ਕਿ ਖੇਡਾਂ ਤੇ ਯੁਵਾ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੂਬੇ ਵਿਚਲੇ ਸਾਰੇ 13,857 ਰਜਿਸਟਰਡ ਯੂਥ ਕਲੱਬਾਂ ਦੀ ਮਦਦ ਲਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਟੀਕਾਕਰਨ ਕਰਵਾਉਣ ਅਤੇ ਇਸ ਮਹਾਂਮਾਰੀ ਤੋਂ ਪੀੜਤ ਲੋਕਾਂ ਵਿਚ ਸਮਾਂ ਰਹਿੰਦਿਆਂ ਇਲਾਜ ਕਰਵਾਉਣ ਨੂੰ ਚੰਗੀ ਤਰਾਂ ਪ੍ਰਚਾਰਿਤ ਕੀਤਾ ਜਾ ਸਕੇ।
ਇਸ ਵਰਚੂਅਲ ਸਮਾਗਮ ਨੂੰ ਮੁੱਖ ਸਕੱਤਰ ਵਿਨੀ ਮਹਾਜਨ, ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਵੀ ਸੰਬੋਧਨ ਕੀਤਾ ਜਦ ਕਿ ਫਾਜ਼ਿਲਕਾ ਤੋਂ ਜ਼ਿਲੇ ਦੇ ਪਿੰਡ ਚੱਕ ਸੈਦੋਕੇ ਦੇ ਨੌਜਵਾਨ ਗੁਰਲਾਲ ਸਿੰਘ ਨੇ ਮੁੱਖ ਮੰਤਰੀ ਨਾਲ ਗਲਬਾਤ ਦੌਰਾਨ ਆਪਣੇ ਪਿੰਡ ਵਿਚ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਯੂਥ ਭਲਾਈ ਬੋਰਡ ਦੇ ਵਾਇਸ ਚੇਅਰਮੈਨ ਸ੍ਰੀ ਵਿਕਰਮ ਕੰਬੋਜ, ਯੂਥ ਕਾਂਗਰਸ ਦੇ ਜ਼ਿਲੇ ਪ੍ਰਧਾਨ ਸ੍ਰੀ ਰੂਬੀ ਗਿੱਲ, ਐਸ.ਡੀ.ਐਮ. ਸ੍ਰੀ ਕੇਸਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਸ: ਕੁਲਵਿੰਦਰ ਸਿੰਘ, ਜ਼ਿਲਾ ਖੇਡ ਅਫ਼ਸਰ ਸ: ਬਲਵੰਤ ਸਿੰਘ ਵੀ ਹਾਜਰ ਸਨ।

Spread the love