ਮੌਜੂਦਾ ਚੱਲ ਰਹੇ ਠੰਡ ਦੇ ਮੌਸਮ ਵਿੱਚ ਕਣਕ ਦੀ ਫ਼ਸਲ ਸਬੰਧੀ ਜਾਣਕਾਰੀ

_Shri Jagdish Singh
ਮੌਜੂਦਾ ਚੱਲ ਰਹੇ ਠੰਡ ਦੇ ਮੌਸਮ ਵਿੱਚ ਕਣਕ ਦੀ ਫ਼ਸਲ ਸਬੰਧੀ ਜਾਣਕਾਰੀ

Sorry, this news is not available in your requested language. Please see here.

ਬਰਨਾਲਾ, 9 ਜਨਵਰੀ 2024

ਮੌਜੂਦਾ ਚੱਲ ਰਹੇ ਠੰਡ ਦੇ ਮੌਸਮ ਵਿੱਚ ਕਣਕ ਦੀ ਫ਼ਸਲ ਉਪਰ ਵੱਖ ਵੱਖ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ,ਬਰਨਾਲਾ ਸ਼੍ਰੀ ਜਗਦੀਸ਼ ਸਿੰਘ ਨੇ ਸਲਾਹ ਦਿੱਤੀ ਕਿ ਕਣਕ ਦੀ ਫਸਲ ਨੂੰ ਦੂਜਾ ਪਾਣੀ ਪਹਿਲੇ ਪਾਣੀ ਤੋਂ 35-40 ਦਿਨਾਂ ਬਾਅਦ ਲਗਾਇਆ ਜਾਵੇ। ਜਿੰਨ੍ਹਾ ਖੇਤਾਂ ਵਿੱਚ ਪਹਿਲੇ ਪਾਣੀ ਤੋਂ ਬਾਅਦ ਕਣਕ ਪੀਲੀ ਦਿਖਾਈ ਦਿੰਦੀ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਭਾਰੀ ਜਮੀਨਾਂ ਵਿੱਚ ਪਾਣੀ ਦਾ ਪ੍ਰਭਾਵ ਵੀ ਕਣਕ ਪੀਲੀ ਦਿਖਾਈ ਦੇਣ ਦਾ ਇੱਕ ਕਾਰਨ ਹੈ।

ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਦੂਸਰਾ ਪਾਣੀ ਜਰੂਰਤ ਅਨੁਸਾਰ ਹੀ 35 ਤੋਂ 40 ਦਿਨਾਂ ਬਾਅਦ ਲਗਾਉਣਾ ਚਾਹੀਦਾ ਹੈ ਅਤੇ ਨਾਈਟਰੋਜਨ ਦੀ ਘਾਟ ਪੂਰੀ ਕਰਨ ਲਈ 3% ਯੂਰੀਆ ਦਾ (3 ਕਿਲੋ ਯੂਰੀਆ 100 ਲਿਟਰ ਪਾਣੀ ਵਿੱਚ) ਛਿੜਕਾਅ ਕੀਤਾ ਜਾ ਸਕਦਾ ਹੈ। ਮੈਗਨੀਜ ਦੀ ਘਾਟ ਕਾਰਨ ਰੇਤਲੀਆਂ/ਹਲਕੀਆਂ ਜਮੀਨਾਂ ਵਿੱਚ ਬੂਟੇ ਦੇ ਵਿਚਕਾਰਲੇ ਪੱਤਿਆ ਦੀਆਂ ਨਾੜੀਆ ਦੇ ਦਰਮਿਆਨ ਵਾਲੀ ਥਾਂ ਹਲਕੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਇਸ ਦੀ ਘਾਟ ਨੂੰ ਰੋਕਣ ਲਈ 0.5% ਮੈਗਨੀਜ ਸਲਫੇਟ ਦੇ (1 ਕਿਲੋ ਮੈਗਨੀਜ ਸਲਫੇਟ 200 ਲਿਟਰ ਪਾਣੀ ਵਿੱਚ) 2-3 ਸਪੇਰਅ ਹਫਤੇ-ਹਫਤੇ ਦੇ ਫਰਕ ਨਾਲ ਧੁੱਪ ਵਾਲੇ ਦਿਨਾਂ ਵਿੱਚ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਣਕ ਦੀ ਫ਼ਸਲ ‘ਤੇ ਜਿੰਕ ਦੀ ਘਾਟ ਨਾਲ ਬੂਟਿਆ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ, ਪੱਤੇ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉੱਥੋਂ ਟੁੱਟ ਕੇ ਲਮਕ ਜਾਂਦੇ ਹਨ। ਇਸ ਸਥਿਤੀ ਵਿੱਚ 25 ਕਿਲੋ ਜਿੰਕ ਸਲਫੇਟ 21% ਪ੍ਰਤੀ ਏਕੜ ਛਿੱਟੇ ਨਾਲ ਪਾਉ ਅਤੇ ਇਹ 2-3 ਸਾਲ ਲਈ ਕਾਫੀ ਹੁੰਦੀ ਹੈ ਅਤੇ ਜਿੰਕ ਸਲਫੇਟ (0.5%) ਦੀ ਸਪੇਰਅ ਵੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 1 ਕਿਲੋ ਜਿੰਕ ਸਲਫੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਸਪੇਰਅ ਕਰਨਾ ਕਾਫੀ ਹੁੰਦਾ ਹੈ।

ਇਸ ਤੋਂ ਇਲਾਵਾ ਕਣਕ ਦੀ ਫਸਲ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਦਫ਼ਤਰਾਂ ਜਾਂ ਜ਼ਿਲ੍ਹਾ ਦਫ਼ਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।

Spread the love